ਐੱਸਕੇਐੱਮ ਦੀ 21 ਮਈ ਦੀ ਭਾਜਪਾ ਵਿਰੋਧੀ ਜਗਰਾਉਂ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਮਨਜੀਤ ਧਨੇਰ

0
30
ਐੱਸਕੇਐੱਮ ਦੀ 21 ਮਈ ਦੀ ਭਾਜਪਾ ਵਿਰੋਧੀ ਜਗਰਾਉਂ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਮਨਜੀਤ ਧਨੇਰ
4 ਮਈ ਨੂੰ ਜਗਰਾਉਂ ਮਹਾਂ ਰੈਲੀ ਦੀ ਤਿਆਰੀ ਲਈ ਹੋਵੇਗੀ ਸੂਬਾ ਪੱਧਰੀ ਵਧਵੀਂ ਮੀਟਿੰਗ: ਹਰਨੇਕ ਮਹਿਮਾ
ਬਰਨਾਲਾ, 29 ਅਪ੍ਰੈਲ, 2024: ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਮਹੀਨਾਵਾਰ ਮੀਟਿੰਗ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ।
ਮੀਟਿੰਗ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਅਤੇ ਲੋਕ ਸਭਾ ਚੋਣਾਂ ਬਾਰੇ ਡੂੰਘੀ ਵਿਚਾਰ ਚਰਚਾ ਹੋਈ। ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਜਥੇਬੰਦੀ, ਸੰਯੁਕਤ ਕਿਸਾਨ ਮੋਰਚੇ ਦੇ ਇਸ ਨਿਰਣੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਪੱਖੀ ਅਤੇ ਕਿਸਾਨ ਮਜ਼ਦੂਰ ਵਿਰੋਧੀ, ਫਿਰਕੂ ਤਾਨਾਸ਼ਾਹ ਪਾਰਟੀ ਹੈ ਜੋ ਕਿ ਦੇਸ਼ ਵਿੱਚ ਬਚੀ ਖੁਚੀ ਜਮਹੂਰੀਅਤ ਨੂੰ ਵੀ ਖ਼ਤਮ ਕਰਨ ਲੱਗੀ ਹੋਈ ਹੈ। ਭਾਜਪਾ ਆਪਣੇ ਮੁੱਢ ਤੋਂ ਹੀ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਵਿੱਚ ਪਾੜ ਕੇ ਵੋਟਾਂ ਪੱਕੀਆਂ ਕਰਨ ਦਾ ਕੁਕਰਮ ਕਰਦੀ ਆ ਰਹੀ ਹੈ ਅਤੇ ਪੰਜਾਬ ਵਿੱਚ ਵੀ ਦਲਿਤਾਂ ਅਤੇ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਭਾਜਪਾ ਦੀਆਂ ਇਹਨਾਂ ਲੋਕ ਵਿਰੋਧੀ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਲਈ ਜਥੇਬੰਦੀ ਵੱਲੋਂ ਭਾਜਪਾ ਦੇ ਲੋਕ ਸਭਾ ਉਮੀਦਵਾਰਾਂ ਦਾ ਜਥੇਬੰਦਕ ਢੰਗ ਨਾਲ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵਿਰੋਧ ਹੋਰ ਵੀ ਵਧੇਰੇ ਜ਼ੋਰ ਨਾਲ ਕੀਤਾ ਜਾਵੇਗਾ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਰਾਮਪੁਰਾ ਨੇ ਚੋਣਾਂ ਬਾਰੇ ਜਥੇਬੰਦੀ ਦੀ ਸਮਝ ਨੂੰ ਲੀਡਰਸ਼ਿਪ ਦੇ ਹੇਠਲੇ ਹਿੱਸਿਆਂ ਤੱਕ ਲੈ ਕੇ ਜਾਣ ਲਈ ਅਤੇ 21 ਮਈ ਦੀ ਮਹਾਂ ਰੈਲੀ ਦੀ ਤਿਆਰੀ ਲਈ 4 ਮਈ ਨੂੰ ਸੂਬਾ ਪੱਧਰੀ ਵਧਵੀਂ ਮੀਟਿੰਗ ਹੰਢਿਆਇਆ ਵਿਖੇ ਕੀਤੀ ਜਾਵੇਗੀ। ਜਿਸ ਵਿੱਚ ਤਿੰਨ ਸੌ ਤੋਂ ਵੱਧ ਕਿਸਾਨ ਮਰਦ ਅਤੇ ਔਰਤਾਂ ਭਾਗ ਲੈਣਗੇ।
21 ਮਈ ਨੂੰ ਜਗਰਾਉਂ ਵਿਖੇ ਹੋ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਜ਼ਿਲ੍ਹਾ ਕਮੇਟੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ। ਜਥੇਬੰਦੀ ਵੱਲੋਂ ਛੇ ਹਜ਼ਾਰ ਤੋਂ ਵੱਧ ਕਿਸਾਨ ਮਰਦ ਅਤੇ ਔਰਤਾਂ ਮਹਾਂ ਰੈਲੀ ਵਿੱਚ ਸ਼ਾਮਿਲ ਹੋਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇਤਮੰਤਰੀਆਂ ਅਤੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਵੱਲੋਂ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਪਿੰਡ ਕੁੱਲਰੀਆਂ ਦੇ ਕਿਸਾਨਾਂ ਦੀ ਜ਼ਮੀਨ ਦਾ ਮਸਲਾ ਅੱਜ ਤੱਕ ਹੱਲ ਨਹੀਂ ਕੀਤਾ ਗਿਆ। ਇਰਾਦਾ ਕਤਲ ਦੀ ਧਾਰਾ ਲੱਗੀ ਹੋਣ ਦੇ ਬਾਵਜੂਦ ਕੁੱਲਰੀਆਂ ਦੇ ਸਰਪੰਚ ਨੂੰ ਗ੍ਰਿਫ਼ਤਾਰ ਨਹੀਂਂ ਕੀਤਾ ਜਾ ਰਿਹਾ ਉਲਟਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਉਸ ਨੂੰ ਆਪਣੇ ਨਾਲ ਚੋਣ ਪ੍ਰਚਾਰ ਤੇ ਲੈ ਕੇ ਜਾਂਦੇ ਹਨ ਅਤੇ ਪਾਰਟੀ ਦੇ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਜਾਣ ਬੁੱਝ ਕੇ ਮਸਲੇ ਦੇ ਹੱਲ ਵਿੱਚ ਅੜਿੱਕੇ ਲਾ ਰਹੇ ਹਨ। 28 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਫਿਰ ਜਥੇਬੰਦੀ ਦੀਆਂ ਮੰਗਾਂ ਸਬੰਧੀ ਸੂਬਾਈ ਡੈਲੀਗੇਟ ਨੂੰ ਵਿਸ਼ਵਾਸ ਦਿਵਾਇਆ ਹੈ। ਜੇਕਰ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਜਥੇਬੰਦੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਹੋਰ ਵੀ ਜ਼ੋਰਦਾਰ ਢੰਗ ਨਾਲ ਜਥੇਬੰਦਕ ਕਰੇਗੀ ਤਾਂ ਕਿ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।
ਇਸ ਮੌਕੇ ਮੀਟਿੰਗ ਵਿੱਚ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਤੋਂ ਇਲਾਵਾ ਜਗੀਰ ਸਿੰਘ ਖਹਿਰਾ, ਗੁਲਜ਼ਾਰ ਸਿੰਘ ਕਬਰਵੱਛਾ, ਜਸਪ੍ਰੀਤ ਸਿੰਘ ਕੁਹਾਰਵਾਲਾ, ਤਰਸੇਮ ਸਿੰਘ ਬੱਸੂਵਾਲ, ਸੁਖਦੇਵ ਸਿੰਘ ਘਰਾਚੋਂ, ਲਖਵੀਰ ਸਿੰਘ ਅਕਲੀਆ, ਗੁਰਦੇਵ ਸਿੰਘ ਮਾਂਗੇਵਾਲ, ਦੇਵੀ ਰਾਮ ਰੰਘੜਿਆਲ , ਸੁਖਚੈਨ ਸਿੰਘ ਨੱਥੂਚਾਹਲ, ਬਿੰਦੂ ਸੁੰਦੜਵਾਲ, ਬਲਬਹਾਦਰ ਸਿੰਘ ਦੀਨਾ ਅਤੇ ਨਿਰਮਲ ਸਿੰਘ ਦੀਨਾ ਸਮੇਤ 13 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ।

LEAVE A REPLY

Please enter your comment!
Please enter your name here