ਐੱਸਕੇਐੱਮ ਦੇ ਸੱਦੇ ਕਿਸਾਨਾਂ ਵੱਲੋਂ ਅਰਵਿੰਦ ਖੰਨਾ ਦੀ ਸਹਿਜੜਾ ਫੇਰੀ ਦੌਰਾਨ ਭਾਰੀ ਵਿਰੋਧ

0
80
ਐੱਸਕੇਐੱਮ ਦੇ ਸੱਦੇ ਕਿਸਾਨਾਂ ਵੱਲੋਂ ਅਰਵਿੰਦ ਖੰਨਾ ਦੀ ਸਹਿਜੜਾ ਫੇਰੀ ਦੌਰਾਨ ਭਾਰੀ ਵਿਰੋਧ
ਦਲਜੀਤ ਕੌਰ
ਮਹਿਲਕਲਾਂ, 24 ਮਈ, 2024:
ਐੱਸਕੇਐੱਮ ਦੇ ਸੱਦੇ ਨੂੰ ਲਾਗੂ ਕਰਦਿਆਂ ਭਾਜਪਾ ਉਮੀਦਵਾਰਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅਰਵਿੰਦ ਖੰਨਾ ਨੂੰ ਮਹਿਲਕਲਾਂ ਇਲਾਕੇ ਦੇ ਪਿੰਡਾਂ ਵਿੱਚ ਦੌਰੇ ਸਮੇਂ ਸਹਿਜੜਾ ਪਿੰਡ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨ ਇਕੱਤਰ ਹੋਏ। ਭਾਰਤੀ ਪੁਲਿਸ ਫੋਰਸ ਲਗਾਕੇ ਕਿਸਾਨਾਂ ਨੂੰ ਸਵਾਲ ਪੁੱਛਣ ਤੋਂ ਰੋਕਿਆ ਗਿਆ।
ਇਸ ਸਮੇਂ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਪ੍ਰੀਤ ਸਿੰਘ ਸਹਿਜੜਾ, ਬਲਵੀਰ ਸਿੰਘ ਮਨਾਲ, ਮਨਜੀਤ ਗੋਰਾ ਰਾਏਸਰ, ਅਮਨਦੀਪ ਸਿੰਘ ਰਾਏਸਰ, ਅਜਮੇਰ ਸਿੰਘ ਮਾਂਗੇਵਾਲ, ਬਲਵੀਰ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਕਲਾਲਾ, ਗੁਰਮੇਲ ਸਿੰਘ ਕਲਾਲਾ, ਸੁਮਨਦੀਪ ਸਿੰਘ ਕੁਰੜ, ਜੱਗੀ ਸਿੰਘ ਕੁਰੜ ਆਦਿ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਦੇਣ ਤੋਂ ਇਨਕਾਰੀ ਹੈ, ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਸੜਕਾਂ ਤੇ ਕਿੱਲਾਂ ਕਿਉਂ ਗੱਡੀਆਂ, ਸ਼ੁਭ ਕਰਨ ਸਿੰਘ ਨੂੰ ਗੋਲੀਆਂ ਮਾਰਕੇ ਸ਼ਹੀਦ ਕਿਉਂ ਕੀਤਾ, ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂਆਂ ਸਿਰ ਮੜ੍ਹੇ ਪੁਲਿਸ ਕੇਸ ਵਾਪਸ ਲੈਣ, ਕਿਸਾਨਾਂ-ਮਜਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ, ਬਿਜਲੀ ਸੋਧ ਬਿਲ-2020 ਵਾਪਸ ਲੈਣ, ਪ੍ਰਦੂਸ਼ਣ ਮਾਮਲੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਣ, ਕਿਸਾਨਾਂ-ਮਜ਼ਦੂਰਾਂ ਲਈ ਬੁਢਾਪਾ ਪੈਨਸ਼ਨ ਲਾਗੂ ਕਰਨ, ਸ਼ਹੀਦ ਹੋਏ ਕਿਸਾਨ ਪ੍ਰੀਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦੇਣ, ਲਖੀਮਪੁਰ ਖੀਰੀ ਕਾਂਡ ਦੇ ਸਰਗਣੇ ਅਜੇ ਮਿਸ਼ਰਾ ਟੈਣੀ ਨੂੰ ਕੈਬਨਿਟ ਵਿੱਚੋਂ ਖਾਰਜ ਕਰਨ ਆਦਿ ਮੰਗਾਂ ਦੇ ਸਵਾਲ ਕੀਤੇ ਜਾ ਰਹੇ  ਹਨ। ਭਾਜਪਾਈ ਉਮੀਦਵਾਰ ਲੋਕਾਈ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ। ਉਲਟਾ ਹੰਸ ਰਾਜ ਹੰਸ ਅਤੇ ਰਵਨੀਤ ਬਿੱਟੂ ਵਰਗੇ ਭਾਜਪਾਈ ਉਮੀਦਵਾਰ ਸ਼ਰੇਆਮ ਧਮਕੀਆਂ ਰਾਹੀਂ ਗੁੰਡਾਗਰਦੀ ਤੇ ਉਤਾਰੂ ਹੋ ਗਏ ਹਨ। ਇਹ ਕਿਸਾਨਾਂ-ਮਜਦੂਰਾਂ ਨੂੰ ਪਾੜਨ ਖਿੰਡਾਉਣ ਦੀ ਸਾਜ਼ਿਸ਼ ਰਚ ਰਹੇ ਹਨ।
ਆਗੂਆਂ ਗੁਰਪ੍ਰੀਤ ਸਿੰਘ ਸਹਿਜੜਾ, ਸੱਤਪਾਲ ਸਿੰਘ ਸਹਿਜੜਾ, ਬਲਵੀਰ ਸਿੰਘ ਸਹਿਜੜਾ, ਚਮਕੌਰ ਸਿੰਘ, ਪਾਲਾ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਜੇਕਰ ਕਿਸਾਨਾਂ ਲਈ ਦਿੱਲੀ ਦਾ ਰਸਤਾ ਬੰਦ ਹੈ ਤਾਂ ਭਾਜਪਾਈ ਉਮੀਦਵਾਰਾਂ ਪੰਜਾਬ ਵਿੱਚੋਂ ਵੋਟਾਂ ਦੀ ਫ਼ਸਲ ਮੁੰਨਣ ਦਾ ਰਸਤਾ ਵੀ ਬੰਦ ਹੈ। ਆਗੂਆਂ ਨੇ ਭਾਜਪਾ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਜੇਲ੍ਹ ਵਿੱਚ ਡੱਕਣ, ਮੋਦੀ ਦੀ ਪੰਜਾਬ ਫੇਰੀ ਦੌਰਾਨ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿਖੇ ਪੁਲਿਸ ਵੱਲੋਂ ਆਗੂਆਂ ਨੂੰ ਨਜ਼ਰਬੰਦ ਕਰਨ ਦੇ ਨਿਖੇਧੀ ਕੀਤੀ। ਹਰਨੇਕ ਸਿੰਘ ਮਹਿਮਾ ਸਮੇਤ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here