ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ) -ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਕਈ ਮਾਮਲੇ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਇਸ ਲਈ ਲੋਕ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ ਅਤੇ ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਜ਼ਰੂਰ ਲੈਣ। ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲਾਂ ਕਿ ਓਮੀਕਰੋਨ ਤੋਂ ਫਿਲਹਾਲ ਕਿਸੇ ਤਰਾਂ ਦਾ ਸਹਿਮ ਨਹੀਂ ਰੱਖਣਾ ਚਾਹੀਦਾ ਪਰ ਇਸ ਤੋਂ ਸੁਚੇਤ ਰਹਿਣ ਦੀ ਬੇਹੱਦ ਲੋੜ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਜਿਵੇਂ ਕਿ ਮੂੰਹ ‘ਤੇ ਮਾਸਕ ਪਾਉਣਾ, ਘੱਟੋ ਘੱਟ ਛੇ ਫੁੱਟ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਸੈਨੇਟਾਇਜ ਕਰਨਾ ਜਾਂ ਸਾਬਣ-ਪਾਣੀ ਨਾਲ ਵਾਰ-ਵਾਰ ਹੱਥ ਧੋਣ ਅਤੇ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਨਾ ਆਦਿ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾਉਣ ਨਾਲ ਹੀ ਸੰਭਾਵੀ ਤੀਸਰੀ ਲਹਿਰ ਤੋਂ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਟੀਕਾਕਰਨ ਲਈ ਵਿਸੇਸ ਕੈਂਪ ਲਗਾਏ ਜਾ ਰਹੇ ਹਨ। ਜਿਹੜੇ ਵਿਅਕਤੀਆਂ ਨੇ ਅਜੇ ਕੋਵਿਡ ਟੀਕਾ ਨਹੀਂ ਲਗਵਾਇਆ ਉਹ ਤੁਰੰਤ ਲਗਵਾ ਲੈਣ। ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਥਕਾਵਟ ਅਤੇ ਗਲੇ ਵਿੱਚ ਖਾਰਿਸ਼ ਹੋਣਾ, ਸਾਹ ਲੈਣ ਵਿੱਚ ਤਕਲੀਫ਼, ਜੀਅ ਕੱਚਾ ਹੋਣਾ ਜਾਂ ਉਲਟੀ ਆਉਣੀ ਆਦਿ ਓਮਕਰੋਨ ਵੈਰੀਐਂਟ ਦੇ ਲੱਛਣ ਹੋ ਸਕਦੇ ਹਨ। ਉਨਾਂ ਕਿਹਾ ਕਿ ਅਜਿਹਾ ਲੱਗਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ।
Boota Singh Basi
President & Chief Editor