ਓਲੰਪੀਅਨ ਪਹਿਲਵਾਨਾਂ ਸਮੇਤ ਸੈਂਕੜੇ ਕਿਸਾਨ ਔਰਤਾਂ ਤੇ ਕਾਰਕੁੰਨਾਂ ਦੀ ਗ੍ਰਿਫਤਾਰੀ ਨਿੰਦਣਯੋਗ : ਬੀਬਾ ਰਾਜਵਿੰਦਰ ਕੌਰ ਰਾਜੂ

0
238

ਜਾਲਮ ਭਾਜਪਾ ਸਰਕਾਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਦਾ ਅੱਤਿਆਚਾਰ ਗੈਰ ਕਾਨੂੰਨੀ : ਮਹਿਲਾ ਕਿਸਾਨ ਯੂਨੀਅਨ
ਲੋਕਤੰਤਰ ਬਚਾਉਣ ਲਈ ਦੇਸ਼ ਦੀ ਸਮੂਹ ਅਮਨ ਪਸੰਦ ਤਾਕਤਾਂ ਨੂੰ ਮੋਦੀ ਦੀ ਤਾਨਾਸ਼ਾਹੀ ਖਿਲਾਫ ਇੱਕਜੁੱਟ ਹੋਣ ਦਾ ਸੱਦਾ

ਜਲੰਧਰ 28 ਮਈ
ਸੰਯੁਕਤ ਕਿਸਾਨ ਮੋਰਚੇ ਦੀ ਮੈਂਬਰ ਮਹਿਲਾ ਕਿਸਾਨ ਯੂਨੀਅਨ ਨੇ ਮਹਿਲਾ ਪਹਿਲਵਾਨਾਂ ਨਾਲ ਛੇੜਛਾੜ ਕਰਨ ਦੇ ਦੋਸ਼ੀ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸਿੰਘ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਪ੍ਰਧਾਨਗੀ ਤੋਂ ਹਟਾਉਣ ਦੀ ਮੰਗ ਲਈ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਸੰਘਰਸ਼ ਕਰ ਰਹੀਆਂ ਓਲੰਪੀਅਨ ਮਹਿਲਾ ਪਹਿਲਵਾਨਾਂ ਸਮੇਤ ਸੈਂਕੜੇ ਕਿਸਾਨ ਔਰਤਾਂ, ਬਜੁਰਗਾਂ ਤੇ ਸਮਾਜਿਕ ਕਾਰਕੁੰਨਾਂ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉਤੇ ਦਿੱਲੀ ਪੁਲਿਸ ਵੱਲੋਂ ਕੀਤੀ ਗੈਰ ਕਾਨੂੰਨੀ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਜਿਨਸੀ ਸ਼ੋਸ਼ਣ ਖਿਲਾਫ ਇਨਸਾਫ ਮੰਗ ਰਹੀਆਂ ਦੇਸ਼ ਦੀਆਂ ਬੇਟੀਆਂ ਨੂੰ ਨਿਆਂ ਦੇਣ ਦੀ ਥਾਂ ਜਬਰ, ਜੁਲਮ ਤੇ ਅੱਤਿਆਚਾਰ ਕਰਨ ਤੇ ਉਤਾਰੂ ਹੈ ਜਿਸ ਲਈ ਦੇਸ਼ ਦੀ ਸਮੂਹ ਅਮਨ ਪਸੰਦ ਤਾਕਤਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।

ਦਿੱਲੀ ਜੰਤਰ-ਮੰਤਰ ਵਿਖੇ ਮਹਿਲਾ ਯੂਨੀਅਨ ਮੈਂਬਰਾਂ ਸਮੇਤ ਧਰਨੇ ਵਿੱਚ ਪੁੱਜੀ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਮਰਦ ਮੈਂਬਰਾਂ ਨੇ ਗ੍ਰਿਫਤਾਰੀ ਮੌਕੇ ਔਰਤਾਂ ਦੀ ਬੇਸ਼ਰਮੀ ਨਾਲ ਖਿੱਚਧੂਹ ਕਰਦਿਆਂ ਬੱਸਾਂ ਵਿੱਚ ਧੂਹ ਕੇ ਸੁੱਟ ਦਿੱਤਾ। ਜਿੱਥੇ ਦਿੱਲੀ ਵਿੱਚ ਲੋਕਤੰਤਰ ਦੇ ਥੰਮ ਵਜੋਂ ਸੰਸਦ ਦੀ ਨਵੀਂ ਇਮਾਰਤ ਵਿੱਚ ਜਸ਼ਨ ਮਨਾ ਰਹੇ ਸੀ ਪਰ ਦੂਜੇ ਪਾਸੇ ਉਸੇ ਸਰਕਾਰ ਦੇ ਇਸ਼ਾਰੇ ਉਤੇ ਕੁੱਝ ਦੂਰੀ ਉਤੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਚਿੱਟੇ ਦਿਨ ਘਾਣ ਹੋ ਰਿਹਾ ਸੀ।

ਉਨਾਂ ਦੋਸ਼ ਲਾਇਆ ਕਿ ਉਲੰਪਿਕ ਮੈਡਲ ਜਿੱਤ ਕੇ ਵਿਦੇਸ਼ਾਂ ਵਿੱਚ ਭਾਰਤ ਦਾ ਨਾਮ ਅਤੇ ਤਿਰੰਗੇ ਝੰਡੇ ਦਾ ਮਾਣ ਵਧਾਉਣ ਵਾਲੀਆਂ ਧੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਇਸ ਬਾਹੂਬਲੀ ਦੇ ਖਿਲਾਫ ਡੇਢ ਦਰਜਨ ਅਪਰਾਧਿਕ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਆਪਣੇ ਇਸ ਅਪਰਾਧੀ ਨੇਤਾ ਨੂੰ ਮੋਦੀ ਸਰਕਾਰ ਹਰ ਹੀਲੇ ਬਚਾਉਣ ਉਤੇ ਤੁਲੀ ਹੋਈ ਹੈ।

ਬੀਬਾ ਰਾਜਵਿੰਦਰ ਕੌਰ ਰਾਜੂ ਮੰਗ ਕੀਤੀ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਬਰਖਿਲਾਫ ਜਿਣਸੀ ਸ਼ੋਸ਼ਣ ਸਬੰਧੀ ਦਰਜ ਹੋਏ ਦੋਵੇਂ ਮੁਕੱਦਮਿਆਂ ਵਿੱਚ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਉਸ ਨੂੰ ਸਾਰੇ ਸੰਵਿਧਾਨਕ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ।

LEAVE A REPLY

Please enter your comment!
Please enter your name here