ਕਪੂਰਥਲਾ ਜਿਲ੍ਹੇ ਨੇ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਤੇ ਲਿਫਟਿੰਗ ਵਿਚ ਮਾਰੀ ਬਾਜ਼ੀ

0
317
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਝੋਨੇ ਦੀ ਖਰੀਦ ਦੌਰਾਨ ਕਪੂਰਥਲਾ ਜਿਲੇ ਨੇ ਲਿਫਟਿੰਗ ਤੇ ਕਿਸਾਨਾਂ ਨੂੰ ਨਾਲੋ-ਨਾਲ ਅਦਾਇਗੀ ਦੇ ਮਾਮਲੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ । ਕਿਸਾਨਾਂ ਨੂੰ ਖਰੀਦੀ ਗਈ ਫਸਲ ਦੀ 48 ਘੰਟੇ ਵਿਚ ਕੀਤੀ ਜਾਣ ਵਾਲੀ ਅਦਾਇਗੀ 331.58 ਕਰੋੜ ਦੇ ਮੁਕਾਬਲੇ ਕਿਸਾਨਾਂ ਦੇ ਖਾਤਿਆਂ ਵਿਚ 382.19 ਕਰੋੜ ਰੁਪੈ ਭੇਜੇ ਜਾ ਚੁੱਕੇ ਹਨ। ਇਹ ਪਹਿਲੀ ਵਾਰ ਸੰਭਵ ਹੋਇਆ ਹੈ ਕਿ ਕਿਸਾਨਾਂ ਨੂੰ ਮਿੱਥੀ ਗਈ 48 ਘੰਟੇ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਲਿਫਟਿੰਗ ਦੇ ਮਾਮਲੇ ਵਿਚ ਵੀ ਨਿਰਧਾਰਿਤ 72 ਘੰਟੇ ਦੀ ਸਮਾਂ ਹੱਦ ਅੰਦਰ ਬਣਦੀ 132871.18 ਮੀਟਰਕ ਟਨ ਦੇ ਮੁਕਾਬਲੇ ਜਿਲ੍ਹੇ ਵਿਚ  162365 ਮੀਟਰਕ ਟਨ ਦੀ ਚੁਕਾਈ ਕੀਤੀ ਗਈ ਹੈ, ਜੋ ਕਿ 122.20 ਫੀਸਦੀ ਹੈ ਅਤੇ ਮਿੱਥੇ ਟੀਚੇ ਤੋਂ 22 ਫੀਸਦੀ ਜਿਆਦਾ ਹੈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਜੋ ਕਿ ਖੁਦ ਸਾਰੀ ਖ੍ਰੀਦ ਪ੍ਰਕਿ੍ਆ ਦੀ ਨਿੱਜੀ ਤੌਰ ’ਤੇ ਰੋਜ਼ਾਨਾ ਸਮੀਖਿਆ ਕਰ ਰਹੇ ਹਨ, ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਿਸਾਨਾਂ ਦੀ ਫਸਲ ਦੀ ਖਰੀਦ ਦੇ ਨਾਲ-ਨਾਲ ਹੀ ਅਦਾਇਗੀ ਤੇ ਚੁਕਾਈ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ, ਖ੍ਰੀਦ ਏਜੰਸੀਆਂ, ਮੰਡੀ ਬੋਰਡ, ਖੁਰਾਕ ਸਪਲਾਈ ਤੇ ਵਿਸ਼ੇਸ਼ ਕਰਕੇ ਕਿਸਾਨਾਂ ਦੇ ਸਹਿਯੋਗ ਨਾਲ ਖਰੀਦ  ਸੁਚਾਰੂ ਤਰੀਕੇ ਨਾਲ ਚੱਲ ਰਹੀ ਹੈ। ਦੱਸਣਯੋਗ ਹੈ ਕਿ ਝੋਨੇ ਦੀ ਕੁੱਲ ਖਰੀਦ ਦੇ ਮੁਕਾਬਲੇ ਵਿਚ ਤਰਨਤਾਰਨ ਤੋਂ ਬਾਅਦ ਕਪੂਰਥਲਾ ਜਿਲ੍ਹਾ ਦੂਜੇ ਸਥਾਨ ’ਤੇ ਹੈ। ਕਪੂਰਥਲਾ ਜਿਲ੍ਹੇ ਵਿਚ ਮੰਡੀਆਂ ਵਿਚ ਆਏ 243568 ਮੀਟਰਕ ਟਨ ਝੋਨੇ ਦੀ ਖ੍ਰੀਦ ਹੋਈ ਹੈ, ਜੋ ਕਿ ਵੱਡੇ ਜਿਲਿਆਂ ਜਿਵੇਂ ਕਿ ਜਲੰਧਰ, ਪਟਿਆਲਾ, ਅੰਮ੍ਰਿਤਸਰ, ਸੰਗਰੂਰ, ਲੁਧਿਆਣਾ ਤੋਂ ਵੱਧ ਹੈ ।15 ਅਕਤੂਬਰ ਤੱਕ ਜਿਲ੍ਹੇ ਦੀਆਂ  42 ਸਥਾਈ ਤੇ 21 ਆਰਜ਼ੀ ਮੰਡੀਆਂ ਵਿਚ ਝੋਨੇ ਦੀ ਕੁੱਲ ਆਮਦ 252916 ਮੀਟਰਕ ਟਨ ਹੋਈ ਜਿਸ ਵਿਚੋਂ 243568 ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜੋ ਕਿ 96 ਫੀਸਦੀ ਬਣਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਝੋਨੇ ਦੀ ਆਮਦ ਵਿਚ ਤੇਜੀ ਆਈ ਹੈ ਤੇ ਰੋਜ਼ਾਨਾ 50 ਹਜ਼ਾਰ ਮੀਟਰਕ ਟਨ ਤੋਂ ਵੱਧ ਝੋਨਾ ਮੰਡੀ ਵਿਚ ਆ ਰਿਹਾ ਹੈ, ਜਿਸਦੀ ਨਾਲ਼ੋ-ਨਾਲ ਖਰੀਦ ਕੀਤੀ ਜਾ ਰਹੀ ਹੈ । ਇਸਦੇ ਨਾਲ-ਨਾਲ ਹੀ ਅਦਾਇਗੀ ਵੀ ਰੋਜ਼ਾਨਾ 60 ਕਰੋੜ ਰੁਪੈ ਤੋਂ ਵੱਧ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਨੇ ਝੋਨੇ ਦੀ ਖਰੀਦ ਪ੍ਰਕਿ੍ਰਆ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਰੀਦ ਦੇ ਮਿੱਥੇ ਗਏ ਟੀਚੇ ਲਗਭਗ 8 ਲੱਖ ਮੀਟਰਕ ਟਨ ਵਿਚੋਂ 31.77 ਫੀਸਦੀ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿਚੋਂ ਸਭ ਤੋਂ ਵੱਧ 99933 ਮੀਟਰਕ ਟਨ ਪਨਗਰੇਨ ਨੇ ਕੀਤੀ ਹੈ।

LEAVE A REPLY

Please enter your comment!
Please enter your name here