ਕਰੋਨਾ ਦੀ ਆੜ ਵਿੱਚ ਬੰਦ ਕੀਤੇ  ਆਂਗਣਵਾੜੀ ਸੈਂਟਰ,ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁਲ੍ਹਵਾਉਣ ਲਈ ਧਰਨਾ 10 ਨੂੰ 

0
353
ਜ਼ੀਰਾ, (ਰਜਨੀਸ਼ ਆਜ਼ਾਦ,ਹਿਤੇਸ਼ ਸ਼ਰਮਾ) -ਕਰੋਨਾ ਪਾਬੰਦੀਆਂ ਦੀ ਆੜ ਵਿੱਚ ਕੇਂਦਰ ਅਤੇ   ਪੰਜਾਬ ਸਰਕਾਰ ਵੱਲੋਂ ਆਂਗਨਵਾੜੀ ਸੈਂਟਰ,ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰਨ ਦੇ ਥੋਪੇ ਗਏ ਫ਼ੈਸਲੇ ਦੇ ਖਿਲਾਫ਼ ਆਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਜ਼ੀਰਾ ਵੱਲੋਂ ਮਿਤੀ 10 ਜਨਵਰੀ ਨੂੰ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸ਼ੇਰਾਂਵਾਲਾ ਚੌਕ ਜ਼ੀਰਾ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ । ਇਹ ਜਾਣਕਾਰੀ ਦਿੰਦਿਆਂ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਸਰਕਲ ਵਾੜਾ ਪੋਹ ਵਿੰਡੀਆਂ ਦੀ ਪ੍ਰਧਾਨ ਜਸਵਿੰਦਰ ਕੌਰ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਇਕ ਵਿਸ਼ੇਸ਼ ਮੀਟਿੰਗ ਮੋਤੀ ਬਾਗ ਜ਼ੀਰਾ ਵਿਖੇ ਹੋਈ ਜਿਸ ਵਿਚ  ਗੁਰਸੇਵਕ ਸਿੰਘ,ਹਰਵਿੰਦਰ ਸਿੰਘ,ਦਲਜੀਤ ਸਿੰਘ, ਕੁਲਵਿੰਦਰ ਸਿੰਘ,ਲਖਵੀਰ ਸਿੰਘ ਵਾੜਾ ਪੋਹ ਵਿੰਡੀਆਂ,ਸਿਮਰਜੀਤ ਕੌਰ ਝੰਡਾ ਬੱਗਾ ਪੁਰਾਣਾ,ਰਾਜਬੀਰ ਕੌਰ ਕਮਾਲਗੜ੍ਹ,ਨਰਿੰਦਰ ਕੌਰ ਬੂਲੇ ,ਕੁਲਵਿੰਦਰ ਕੌਰ ਸ਼ਾਹਵਾਲਾ ਬਲਾਕ ਪ੍ਰਧਾਨ,ਨਰਿੰਦਰ ਕੌਰ ਅਤੇ ਸਿਮਰਜੀਤ ਕੌਰ ਵਾੜਾ ਪੋਹ ਵਿੰਡੀਆਂ ਆਦਿ ਸ਼ਾਮਲ ਹੋਏ ਇਸ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਇਕ ਪਾਸੇ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਆਂਗਣਵਾੜੀ ਸੈਂਟਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ,ਕਾਲਜ ਬੰਦ ਕਰਵਾ ਦਿੱਤੇ ਹਨ, ਜਦਕਿ ਦੂਸਰੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਵੱਖ ਵੱਖ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਰੈਲੀਆਂ ਕਰਨ ਦੇ ਨਾਲ ਨਾਲ 50 ਫ਼ੀਸਦੀ ਸਮਰੱਥਾ ਨਾਲ ਹੋਟਲ, ਸ਼ੌਪਿੰਗ ਮਾਲ,ਰੈਸਟੋਰੈਂਟ,ਸਿਨੇਮਾ ਹਾਲ,ਬੱਸਾਂ ਅਤੇ ਹੋਰ ਅਦਾਰੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ । ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਹ ਅਦਾਰੇ 50 ਫ਼ੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਦੇ ਹਨ ਤਾਂ ਸਕੂਲ ਕਾਲਜ ਕਿਉਂ ਨਹੀਂ ਖੋਲ੍ਹੇ ਜਾ ਸਕਦੇ ? ਮੈਡਮ ਜਸਵਿੰਦਰ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਿਆਦਾਤਰ ਵਿਦਿਆਰਥੀ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨਾਲ ਸਬੰਧਤ ਹਨ ਜਿਸ ਕਰਕੇ ਸਾਰੇ ਪਰਿਵਾਰਾਂ ਕੋਲ ਸਮਾਰਟ ਫੋਨ ਨਹੀਂ ਹਨ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਪੈਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਸਰਕਾਰ ਵੀ ਉਨ੍ਹਾਂ ਨੂੰ ਪੜ੍ਹਾਈ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ । ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ਵਿਚ ਲਗਾਈਆਂ ਗਈਆਂ ਇਨ੍ਹਾਂ ਪਾਬੰਦੀਆਂ ਦੇ ਖ਼ਿਲਾਫ਼ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮੰਗ ਹੈ ਕਿ ਜਾਂ ਤਾਂ ਰਾਜਨੀਤਕ ਰੈਲੀਆਂ ਸਮੇਤ ਉਕਤ ਅਦਾਰੇ ਵੀ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਅਤੇ ਜਾਂ ਆਂਗਣਵਾੜੀ ਸੈਂਟਰ,ਸਰਕਾਰੀ ਅਤੇ ਪ੍ਰਾਈਵੇਟ ਸਕੂਲ,ਕਾਲਜ ਵੀ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾਣ ਅਤੇ ਇਸੇ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਆਂਗਣਵਾੜੀ ਵਰਕਰਾਂ ਵੱਲੋਂ ਮਿਤੀ 10 ਜਨਵਰੀ ਦਿਨ ਸੋਮਵਾਰ ਸਵੇਰੇ ਵਜੇ ਸ਼ੇਰਾਂਵਾਲਾ ਚੌਕ ਜ਼ੀਰਾ ਵਿਖੇ ਧਰਨਾ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here