ਕਰੋਨਾ ਦੀ ਆੜ ਹੇਠ ਬੰਦ ਪਏ ਖੋਖਰ ਕਲਾਂ ਦੇ ਸਰਕਾਰੀ ਸਕੂਲਾਂ ਨੂੰ ਮਾਪਿਆਂ ਅਤੇ ਜੱਥੇਬੰਦੀ ਨੇ ਚਾਲੂ ਕਰਵਾਇਆ

0
242

ਲਹਿਰਾਗਾਗਾ, (ਦਲਜੀਤ ਕੌਰ ਭਵਾਨੀਗੜ੍ਹ) -ਕਰੋਨਾ ਦੀਆਂ ਹਦਾਇਤਾਂ ਦੀ ਆੜ ਹੇਠ ਬੰਦ ਪਏ ਸਰਕਾਰੀ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਖੋਖਰ ਕਲਾਂ ਨੂੰ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਦੇ ਸਹਿਯੋਗ ਨਾਲ ਚਾਲੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਜਥੇਬੰਦੀ ਦੇ ਇਕਾਈ ਪ੍ਰਧਾਨ ਬਿੱਕਰ ਸਿੰਘ ਖੋਖਰ ਕਲਾਂ ਅਤੇ ਬਲਾਕ ਆਗੂ ਬਿੰਦਰ ਖੋਖਰ ਨੇ ਕਿਹਾ ਕਿ ਪਿੰਡ ਦੇ ਸਮੁੱਚੇ ਮਾਪਿਆਂ ਨੇ ਭਾਕਿਯੂ (ਏਕਤਾ ਉਗਰਾਹਾਂ) ਦੀ ਪਿੰਡ ਇਕਾਈ ਕੋਲ ਬੇਨਤੀ ਕੀਤੀ ਗਈ ਕਿ ਜਦ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲ੍ਹੇ ਹਨ ਜਿਨ੍ਹਾਂ ਅੱਗੇ ਸ਼ਾਮ ਨੂੰ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਵੋਟਾਂ ਲਈ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਫਿਰ ਸਕੂਲ ਕਿਉਂ ਨਹੀਂ ਖੋਲੇ ਜਾ ਸਕਦੇ? ਉਨ੍ਹਾਂ ਕਿਹਾ ਕਿ ਮਾਪਿਆਂ ਦੀ ਕੀਤੀ ਬੇਨਤੀ ਦੇ ਅਧਾਰ ਤੇ ਜਥੇਬੰਦੀ ਦੀ ਪਿੰਡ ਇਕਾਈ ਨੇ ਮੀਟਿੰਗ ਕਰਕੇ ਪਹਿਲਾਂ ਸਾਰੇ ਪਿੰਡ ‘ਚ ਸਕੂਲ ਕਰਵਾਉਣ ਲਈ ਝੰਡਾ ਮਾਰਚ ਕੀਤਾ ਜਿਸ ‘ਚ ਸਾਰੇ ਹੀ ਪਿੰਡ ਦੇ ਬੱਚਿਆਂ ਦੇ ਮਾਪਿਆਂ ਨੇ ਜਿੰਨਾਂ ‘ਚ ਮਰਦ ਔਰਤਾਂ ਸ਼ਾਮਲ ਸਨ ਬੜੇ ਉਤਸ਼ਾਹ ਨਾਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਬਿੱਕਰ ਖੋਖਰ, ਬਿੰਦਰ ਖੋਖਰ, ਜਗਦੇਵ ਖੋਖਰ, ਧਰਮਜੀਤ ਖੋਖਰ ਅਜੀਤ ਖੋਖਰ,ਮੇਲਾ ਖੋਖਰ ਔਰਤ ਕਿਸਾਨ ਭੈਣਾਂ ਜਸਵਿੰਦਰ ਕੌਰ, ਕਰਮਜੀਤ ਕੌਰ, ਹਰਪ੍ਰੀਤ ਕੌਰ ਅਤੇ ਜਗਰੂਪ ਕੌਰ ਨੇ ਕਿਹਾ ਕਿ ਸਰਕਾਰਾਂ ਕਰੋਨਾ ਦੇ ਬਹਾਨੇ ਹੇਠਾਂ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੀਆਂ ਹਨ, ਜਿਸ ਨੂੰ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਿਸਾਨ ਮਰਦ ਔਰਤ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਕੂਲ ਬੰਦ ਕਰਕੇ ਆਨਲਾਈਨ ਸਿੱਖਿਆ ਨੂੰ ਤਰਜੀਹੀ ਬਣਾਇਆ ਜਾ ਰਿਹਾ ਹੈ। ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨਾ ਨਵੀਂ ਸਿੱਖਿਆ ਨੀਤੀ ਦੇ ਖ਼ਾਕੇ ਦਾ ਇੱਕ ਹਿੱਸਾ ਹੈ। ਇਸ ਦਾ ਸਿੱਧਾ ਸਬੰਧ ਸਿੱਖਿਆ ਖੇਤਰ ਦੇ ਨਿੱਜੀਕਰਨ ਨਾਲ ਜੁੜਿਆ ਹੋਇਆ ਹੈ। ਨਿੱਜੀਕਰਨ ਦਾ ਰਾਹ ਜਨਤਕ ਖੇਤਰ ਦੀਆਂ ਸੇਵਾਵਾਂ ਨੂੰ ਆਮ ਜਨਤਾ ਦੇ ਹੱਥੋਂ ਖੋਹ ਕੇ ਉਨ੍ਹਾਂ ਨੂੰ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਦੇ ਰਹਿਮੋ-ਕਰਮ ‘ਤੇ ਨਿਰਭਰ ਰਹਿਣ ਵੱਲ ਨੂੰ ਜਾਂਦਾ ਹੈ ਜਿਸ ਨਾਲ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਤੋਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਹੱਕ ਖੋਹਣ ਵੱਲ ਨੂੰ ਇਸ਼ਾਰਾ ਕਰਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਚਿੰਤਤ ਮਾਪਿਆਂ, ਅਧਿਆਪਕਾਂ, ਵਿਦਵਾਨਾਂ ਤੇ ਚਿੰਤਕਾਂ ਨੇ ਵੀ ਸਕੂਲ ਖੋਲ੍ਹੇ ਜਾਣ ਦੀ ਗੱਲ ਦੀ ਪ੍ਰੋੜਤਾ ਕੀਤੀ ਹੈ। ਸਾਡੀਆਂ ਸਰਕਾਰਾਂ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਹੁਣ ਜਦੋਂ ਕਰੋਨਾ ਦੇ ਨਾਲ ਨੂੰ ਕੁੱਲ ਜੀਵਨ ਆਪਣੀ ਨਿਰੰਤਰ ਤੋਰੇ ਤੁਰ ਰਿਹਾ ਹੈ, ਕੋਵਿਡ ਨਿਯਮਾਂ ਦੇ ਅੰਗ-ਸੰਗ ਵਿਚਰਦਿਆਂ ਵਿਦਿਆਰਥੀਆਂ ਤੇ ਸਮਾਜ ਦੇ ਭਲੇ ਲਈ ਸਕੂਲ ਖੋਲ੍ਹੇ ਜਾਣੇ ਚਾਹੀਦੇ ਹਨ।

LEAVE A REPLY

Please enter your comment!
Please enter your name here