ਕਾਂਗਰਸ ਵੱਲੋਂ ਲਾਏ ਦੋਸ਼ਾਂ ‘ਤੇ ਆਮ ਆਦਮੀ ਪਾਰਟੀ ਦੀ ਦੋ-ਟੁੱਕ, ਕਿਹਾ, “ਦੂਜਿਆਂ ‘ਤੇ ਉਂਗਲ ਚੁੱਕਣ ਤੋਂ ਪਹਿਲਾ ਆਪਣੀ ਪੀੜੀ ਥੱਲੇ ਸੋਟਾ ਫ਼ੇਰੇ ਕਾਂਗਰਸ

0
109

“ਆਮ ਆਦਮੀ ਪਾਰਟੀ ਪੰਜਾਬ ਦਾ ਭਲਾ ਚਾਹੁਣ ਵਾਲੇ ਇਮਾਨਦਾਰ ਲੋਕਾਂ ਦਾ ਸਦਾ ਸਵਾਗਤ ਕਰਦੀ ਹੈ ਅਤੇ ਅੱਗਿਓ ਵੀ ਕਰਦੀ ਰਹੇਗੀ”-ਮਲਵਿੰਦਰ ਸਿੰਘ ਕੰਗ

…“ਪੰਜਾਬ ਨੂੰ ਲਹੂ-ਲੁਹਾਣ ਕਰਨ ਵਾਲੀ ਕਾਂਗਰਸ ਕਰ ਰਹੀ ਹੈ ਲਾਸ਼ਾਂ ਦੀ ਸਿਆਸਤ” – ਕੰਗ

…“ਆਪੋ ਵਿੱਚ ਖੱਖੜੀਆਂ-ਕਰੇਲੇ ਹੋਏ ਕਾਂਗਰਸੀ ਆਪਣਾ ਘਰ ਨਹੀਂ ਸੰਭਾਲ ਸਕੇ ਤਾਂ ਪੰਜਾਬ ਕਿੱਥੋਂ ਸੰਭਾਲ ਲੈਂਦੇ” – ਕੰਗ

18 ਅਪ੍ਰੈਲ 2023, ਚੰਡੀਗੜ੍ਹ

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸ. ਮਲਵਿੰਦਰ ਸਿੰਘ ਕੰਗ ਨੇ ਅੱਜ ਕਾਂਗਰਸ ਵੱਲੋਂ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ ਉਮੀਦਵਾਰ ਸਮੇਤ ਪੰਜਾਬ ਸਰਕਾਰ ਵਿਰੁੱਧ ਕੂੜ-ਪ੍ਰਚਾਰ ਦੀ ਕੀਤੀ ਜਾ ਰਹੀ ਕੋਸ਼ਿਸ਼ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਾਂਗਰਸ ਨੂੰ ਉਸਦੀ ਅਸਲੀਅਤ ਤੋਂ ਜਾਣੂੰ ਕਰਵਾਉਂਦਿਆਂ ਲਾਸ਼ਾਂ ਦੀ ਸਿਆਸਤ ਕਰਨ ਬਦਲੇ ਪੰਜਾਬੀਆਂ ਤੋਂ ਮਾਫ਼ੀ ਮੰਗਣ ਅਤੇ ਹੋਰਾਂ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਨਸੀਹਤ ਦਿੱਤੀ।

ਪਾਰਟੀ ਦਫ਼ਤਰ ਤੋਂ ਜਾਰੀ ਆਪਣੇ ਬਿਆਨ ਵਿੱਚ ‘ਆਪ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਵੱਲੋਂ ਜਲੰਧਰ ਜ਼ਿਮਨੀ ਚੋਣਾਂ ਵਿੱਚ ਹੋਣ ਵਾਲੀ ਹਾਰ ਤੋਂ ਡਰ ਕੇ ‘ਆਪ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਖਿਲਾਫ਼ ਜੋ ਕੂੜ-ਪ੍ਰਚਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ ਵਿੱਚ ਹਰ ਉਸ ਵਿਅਕਤੀ ਦਾ ਸਦਾ ਸੁਆਗਤ ਕੀਤਾ ਜਾਂਦਾ ਰਹੇਗਾ ਜੋ ਦੇਸ਼ ਅਤੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦਾ ਹੈ, ਫ਼ਿਰ ਭਾਂਵੇ ਉਹ ਕਿਸੇ ਵੀ ਦਲ ਨਾਲ ਸੰਬੰਧਿਤ ਹੋਵੇ।

ਇਸਦੇ ਨਾਲ ਹੀ ਮਲਵਿੰਦਰ ਕੰਗ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਸ ਕਾਂਗਰਸ ਵਿੱਚ ਰਾਜਾ ਵੜਿੰਗ ਨੂੰ ਕੋਈ ਆਗੂ ਮੰਨਣ ਨੂੰ ਤਿਆਰ ਨਹੀਂ, ਨਵਜੋਤ ਸਿੱਧੂ ਵੜਿੰਗ ਨੂੰ ਪ੍ਰਧਾਨ ਨਹੀਂ ਮੰਨਦਾ, ਸੁਖਪਾਲ ਖਹਿਰਾ ਰਾਣਾ ਗੁਰਜੀਤ ਕਰਕੇ ਜਲੰਧਰ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਤਿਆਰ ਨਹੀ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਧਾਵਾ ਦੀ ਆਪੋ ਵਿੱਚ ਨਹੀਂ ਬਣਦੀ, ਐਸੀ ਪਾਰਟੀ ਜਿਸਤੋਂ ਆਪਣਾ ਘਰ ਨਹੀਂ ਸੰਭਾਲਿਆ ਜਾ ਰਿਹਾ ਉਸਤੋਂ ਸਾਨੂੰ ਨਸੀਹਤ ਦੀ ਕੋਈ ਲੋੜ ਨਹੀਂ।

ਮਲਵਿੰਦਰ ਕੰਗ ਨੇ ਪੰਜਾਬ ਵਿੱਚ ਫੌਜ ਦੇ ਦੋਸ਼ ਤੇ ਕਾਂਗਰਸ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਦੇਸ਼ ਵਿੱਚ ਐਮਰਜੈਂਸੀ ਕਿਸਨੇ ਲਾਈ, ਕੀਹਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ, ਸ੍ਰੀ ਅਕਾਲ ਤਖ਼ਤ ਢਹਿਢੇਰੀ ਕੀਤਾ ਤੇ ਅਣਗਿਣਤ ਬੇਕਸੂਰ ਸਿੱਖਾਂ ਤੇ ਪੰਜਾਬੀਆਂ ਨੂੰ ਮਾਰਿਆ।

ਉਨ੍ਹਾਂ ਮਰਹੂਮ ਸਿੱਧੂ ਮੂਸੇਵਾਲਾ ਦੇ ਮਸਲੇ ਉੱਤੇ ਕਾਂਗਰਸ ਉੱਪਰ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਸਿੱਧੂ ਮੂਸੇਵਾਲੇ ਦਾ ਨਾਮ ਵਰਤਕੇ ਲਾਸ਼ਾਂ ਦੀ ਰਾਜਨੀਤੀ ਕਰ ਰਹੀ ਹੈ। ਜਦਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਵਿਸ਼ਵ ਪ੍ਰਸਿੱਧ ਗਾਇਕ ਦੀ ਹੋਈ ਹੱਤਿਆ ਪਿੱਛੇ ਸ਼ਾਮਿਲ ਹਰ ਇੱਕ ਨੂੰ ਸਜ਼ਾ ਦੇਣ ਲਈ ਆਪਣੀ ਪੂਰੀ ਵਾਹ ਲਾਈ ਹੈ। ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਸਵ. ਮੂਸੇਵਾਲਾ ਦੇ ਮਸਲੇ ਉੱਤੇ ਸੋੜੀ ਸਿਆਸਤ ਕਰਨ ਵਾਲੀ ਕਾਂਗਰਸ ਜਵਾਬ ਦੇਵੇ ਕਿ ਉਨ੍ਹਾਂ ਵਿੱਕੀ ਮਿੱਡੂਖੇੜਾ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਗਵਾਨ ਕਤਲਕਾਂਡ ਦੇ ਦੋਸ਼ੀਆਂ ਖਿਲਾਫ਼ ਕੀ ਕਾਰਵਾਈ ਕੀਤੀ ਸੀ?

ਸ. ਕੰਗ ਨੇ ਕਿਹਾ ਕਿ ਇਹ ਅਕਾਲੀ-ਕਾਂਗਰਸੀ ਸਨ ਜਿੰਨ੍ਹਾਂ ਨੇ ਪੰਜਾਬ ਸਿਰ ਕਰਜ਼ਾ ਚਾੜਿਆ ਅਤੇ ਲੋਕਾਂ ਦੇ ਪੈਸੇ ਨਾਲ ਸਿਸਵਾਂ ਫਾਰਮ ਅਤੇ ਸੁੱਖ ਵਿਲਾਸ ਖੜੇ ਕਰ ਲਏ। ਮਲਵਿੰਦਰ ਕੰਗ ਨੇ ਕਿਹਾ ਕਿ ਆਗਾਮੀ ਜਲੰਧਰ ਜ਼ਿਮਨੀ ਚੋਣਾਂ ਵਿੱਚ ‘ਆਪ ਦੀ ਹੋਣ ਵਾਲੀ ਜਿੱਤ ਤੋਂ ਬੌਖਲਾਏ ਕਾਂਗਰਸੀਆਂ ਨੂੰ ਕਿਸੇ ਉੱਤੇ ਝੂਠਾ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here