ਕਾਂਗਰਸ ਸਰਕਾਰ ਵੇਲੇ ਸੁਖਪਾਲ ਖਹਿਰਾ ਖਿਲਾਫ ਐਫਆਈਆਰ ਦਰਜ ਹੋਈ ਸੀ, ਹੁਣ ਉਹ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਹਨ – ਜਗਤਾਰ ਸੰਘੇੜਾ
ਵਿਰੋਧੀ ਪਾਰਟੀਆਂ ਝੂਠ ਫੈਲਾ ਰਹੀਆਂ ਹਨ ਕਿ ਐਸਆਈਟੀ ਕੋਲ ਕੋਈ ਸਬੂਤ ਨਹੀਂ – ਸੰਘੇੜਾ
ਐਸਆਈਟੀ ਨੂੰ ਸੁਖਪਾਲ ਖਹਿਰਾ ਖਿਲਾਫ ਕਈ ਨਵੇਂ ਸਬੂਤ ਮਿਲੇ ਹਨ, ਜਿਸ ਦੇ ਆਧਾਰ ‘ਤੇ ਗ੍ਰਿਫਤਾਰੀ ਹੋਈ ਹੈ- ਸੰਘੇੜਾ
ਚੰਡੀਗੜ੍ਹ, 28 ਸਤੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ‘ਤੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਸੁਖਪਾਲ ਖਹਿਰਾ ਖਿਲਾਫ ਐੱਫ.ਆਈ.ਆਰ ਦਰਜ ਹੋਈ ਸੀ, ਹੁਣ ਕਾਂਗਰਸੀ ਲੋਕ ਇਸ ਨੂੰ ਸਿਆਸੀ ਬਦਲਾਖੋਰੀ ਕਹਿ ਰਹੇ ਹਨ।
ਵੀਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜਗਤਾਰ ਸੰਘੇੜਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰਾਂ ਲਈ ਕੋਈ ਥਾਂ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਡਰੱਗ ਮਾਫੀਆ ਖਿਲਾਫ ਪੂਰੀ ਸਖਤੀ ਨਾਲ ਕਾਰਵਾਈ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਕੋਈ ਸਿਆਸੀ ਬਦਲਾਖੋਰੀ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਝੂਠ ਫੈਲਾ ਰਹੀਆਂ ਹਨ ਕਿ ਐਸਆਈਟੀ ਕੋਲ ਸੁਖਪਾਲ ਖਹਿਰਾ ਖਿਲਾਫ ਕੋਈ ਸਬੂਤ ਨਹੀਂ ਹੈ। ਜਦਕਿ ਅਸਲੀਅਤ ਇਹ ਹੈ ਕਿ ਸੁਖਪਾਲ ਖਹਿਰਾ ਖਿਲਾਫ ਡਰੱਗਜ਼ ਮਾਮਲੇ ‘ਚ ਐਸਆਈਟੀ ਨੂੰ ਕਈ ਨਵੇਂ ਸਬੂਤ ਮਿਲੇ ਹਨ। ਐਸਆਈਟੀ ਨੇ ਸਬੂਤ ਦੇ ਆਧਾਰ ‘ਤੇ ਖਹਿਰਾ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਨਹੀਂ ਕੀਤਾ ਸੀ। ਅਦਾਲਤੀ ਕਾਰਵਾਈ ਚੱਲ ਰਹੀ ਸੀ। ਇਸ ਦੀ ਮਿਸਾਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਸੁਖਪਾਲ ਖਹਿਰਾ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ, ਕਿਉਂਕਿ ਅਦਾਲਤ ਨੇ ਉਨ੍ਹਾਂ ਦੇ ਵਿਦੇਸ਼ ਜਾਣ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਦਾਲਤ ਨੇ ਉਸ ਨੂੰ ਵਿਦੇਸ਼ ਜਾਣ ਦਾ ਕਾਰਨ ਅਤੇ ਇਸ ਦੇ ਸਾਰੇ ਵੇਰਵਿਆਂ ਸਮੇਤ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਅਜੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਿਆ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਨਸ਼ਾ ਤਸਕਰ ਦੇ ਪਿੱਛੇ ਖੜ੍ਹੀਆਂ ਹਨ। ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਡਰਨ ਵਾਲੇ ਨਹੀਂ ਹਨ। ਡਰੱਗ ਮਾਫੀਆ ਵਿਚ ਸ਼ਾਮਲ ਕੋਈ ਵੀ ਵਿਅਕਤੀ ਭਾਵੇਂ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਸਰਕਾਰ ਉਸ ਨੂੰ ਬਖਸ਼ੇਗੀ ਨਹੀਂ।