ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਲਏ ਪੰਜਾਬੀ ਵਿਰੋਧੀ ਫੈਸਲੇ ਦੀ ਸਾਹਿਤਕਾਰਾਂ ਵਲੋਂ ਨਿਖੇਧੀ
ਅਮ੍ਰਿਤਸਰ ,20 ਜੁਲਾਈ :- ਸੂਫੀਆਂ, ਗੁਰੂਆਂ, ਪੀਰਾਂ ਫਕੀਰਾਂ ਅਤੇ ਸਾਹਿਤਕਾਰਾਂ ਵੱਲੋਂ ਹੋਂਦ ਵਿਚ ਲਿਆਂਦੀ ਗੌਰਵਮਈ ਸੰਵਾਦ ਪਰੰਪਰਾ “ਕਿਛੁ ਸੁਣੀਐ ਕਿਛੁ ਕਹੀਐ ” ਦੇ ਅੰਤਰਗਤ ਰਾਬਤਾ ਮੁਕਾਲਮਾਂ ਕਾਵਿ ਮੰਚ ਵਲੋਂ ਅਰੰਭੀ ਲੜੀ ਤਹਿਤ ਗਜਲਗੋ ਜਸਵੰਤ ਧਾਪ ਨਾਲ ਸਹਿਤਕ ਗੁਫ਼ਤਗੂ ਰਚਾਈ ਗਈ।
ਸਮਾਗਮ ਦੇ ਕਨਵੀਨਰ ਸਰਬਜੀਤ ਸਿੰਘ ਸੰਧੂ ਵਲੋਂ ਆਏ ਸਾਹਿਤਕਾਰਾਂ ਦਾ ਸਵਾਗਤ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਨਵਾਦੀ ਸ਼ਾਇਰ ਹਰਭਜਨ ਸਿੰਘ ਹੁੰਦਲ ਨੂੰ ਮੋਨ ਧਾਰਨ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ ਗਏ।
ਕੇਂਦਰੀ ਸਭਾ ਦੇ ਸਕਤਰ ਦੀਪ ਦੇਵਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸਬੰਧਤ ਕਾਲਜਾਂ ਵਿਚ ਪੰਜਾਬੀ ਵਿਸ਼ਾ ਲਾਜ਼ਮੀ ਪੜਾਏ ਜਾਣ ਸਬੰਧੀ ਪੈਦਾ ਹੋਏ ਵਿਵਾਦ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੀ ਹਾਜਰ ਸਾਹਿਤਕਾਰਾਂ ਵਲੋਂ ਨਿਖੇਧੀ ਕੀਤੀ ਗਈ। ਉਹਨਾਂ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ ਲਖਵਿੰਦਰ ਜੌਹਲ ਵਲੋਂ ਯੂਨੀਵਰਸਿਟੀ ਦੇ ਇਸ ਫੈਸਲੇ ਵਿਰੁੱਧ ਲਏ ਸਟੈਂਡ ਦੀ ਸ਼ਲਾਘਾ ਕਰਦਿਆਂ ਕਿਹਾ ਯੂਨੀਵਰਸਿਟੀ ਅਧਿਕਾਰੀ ਮਾਤ ਭਾਸ਼ਾ ਦੀ ਬਿਹਤਰੀ ਅਤੇ ਪ੍ਰਫੁੱਲਿਤਾ ਨੂੰ ਮੱਦੇ ਨਜ਼ਰ ਰੱਖਦਿਆਂ ਪੰਜਾਬੀ ਨੂੰ ਪਹਿਲ ਦੇ ਆਧਾਰ ਤੇ ਪੜਾਉਣ।
ਜਸਵੰਤ ਧਾਪ ਹੁਰਾਂ ਆਪਣੀਆਂ ਖੂਬਸੂਰਤ ਗਜਲਾਂ ਤਰੰਨੁਮ ਵਿਚ ਗਾ ਕੇ ਸਿਖਰ ਸਿਰਜਿਆ ਅਤੇ ਕਿਹਾ ਕਿ ਸਥਾਪਿਤ ਲੇਖਕ ਹਮੇਸ਼ਾਂ ਉਹਨਾਂ ਦੇ ਪ੍ਰੇਰਣਾ ਸਰੋਤ ਰਹੇ ਹਨ। ਰਚਨਾਵਾਂ ਦੇ ਚੱਲੇ ਦੌਰ ਵਿੱਚ ਸ਼ਾਇਰ ਮਲਵਿੰਦਰ, ਡਾ ਮੋਹਨ, ਜਗਤਾਰ ਗਿੱਲ, ਡਾ ਭੁਪਿੰਦਰ ਸਿੰਘ ਫੇਰੂਮਾਨ,ਬਲਜਿੰਦਰ ਮਾਂਗਟ ਅਤੇ ਸਤਿੰਦਰ ਓਠੀ ਨੇ ਸਮਾਗਮ ਵਿੱਚ ਕਾਵਿਕ ਰੰਗ ਬਿਖੇਰਿਆ। ਅੰਤ ਤੇ ਹਰਜੀਤ ਸਿੰਘ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਅਜਿਹੇ ਸਮਾਗਮਾਂ ਦੀ ਨਿਰੰਤਰਤਾ ਦੀ ਹਾਮੀ ਵੀ ਭਰੀ ।