ਕਿਰਤੀ ਕਿਸਾਨ ਯੂਨੀਅਨ ਅਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਦਫਤਰ ਸੀਲ ਕਰਨਾ ਨੰਗੀ ਚਿੱਟੀ ਡਿਕਟੇਟਰਸ਼ਿਪ: ਮਨਜੀਤ ਧਨੇਰ
ਹੱਥ ਜੋੜ ਕੇ ਖੜ੍ਹੇ ਰਹਿਣ ਵਾਲੇ ਲੋਕਾਂ ਨੇ ਹਾਕਮ ਜਮਾਤੀ ਪਾਰਟੀਆਂ ਨੂੰ ਲਿਆਂਦੀਆਂ ਤਰੇਲੀਆਂ: ਗੁਰਦੀਪ ਸਿੰਘ ਰਾਮਪੁਰਾ ਕਿਸਾਨਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਕੇ ਪੰਜਾਬ ਸਰ…
ਕਿਰਤੀ ਕਿਸਾਨ ਯੂਨੀਅਨ ਅਤੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਦਫਤਰ ਸੀਲ ਕਰਨਾ ਨੰਗੀ ਚਿੱਟੀ ਡਿਕਟੇਟਰਸ਼ਿਪ: ਮਨਜੀਤ ਧਨੇਰ
ਹੱਥ ਜੋੜ ਕੇ ਖੜ੍ਹੇ ਰਹਿਣ ਵਾਲੇ ਲੋਕਾਂ ਨੇ ਹਾਕਮ ਜਮਾਤੀ ਪਾਰਟੀਆਂ ਨੂੰ ਲਿਆਂਦੀਆਂ ਤਰੇਲੀਆਂ: ਗੁਰਦੀਪ ਸਿੰਘ ਰਾਮਪੁਰਾ
ਕਿਸਾਨਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰਕੇ ਪੰਜਾਬ ਸਰਕਾਰ ਨੇ ਜਮਹੂਰੀਅਤ ਦਾ ਗਲਾ ਘੁੱਟਿਆ ਹੈ: ਜਗਮੋਹਨ ਸਿੰਘ, ਗੁਰਮੀਤ ਭੱਟੀਵਾਲ
ਦਲਜੀਤ ਕੌਰ
ਚੰਡੀਗੜ੍ਹ, 24 ਮਈ, 2024: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਗੁਰਦਾਸਪੁਰ ਅਤੇ ਜਲੰਧਰ ਵਿਖੇ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਵਿਰੋਧ ਕਰਨ ਜਾ ਰਹੇ ਅਨੇਕਾਂ ਹੀ ਕਿਸਾਨ ਆਗੂਆਂ ਅਤੇ ਕਿਸਾਨਾਂ ਦੇ ਜਥਿਆਂ ਨੂੰ ਪੁਲਿਸ ਨੇ ਥਾਂ ਥਾਂ ਤੋਂ ਗਿਰਫਤਾਰ ਕਰ ਲਿਆ ਹੈ।
ਪੁਲਿਸ ਨੇ ਦੁਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਦਫਤਰ ਸੀਲ ਕਰ ਦਿੱਤੇ ਹਨ। ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਨੂੰ ਉਹਨਾਂ ਦੇ ਸਾਥੀਆਂ ਸਮੇਤ ਦਫਤਰ ਵਿਖੇ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦੁਆਬਾ ਕਿਸਾਨ ਕਮੇਟੀ ਦੇ ਪਰਮਿੰਦਰ ਸਿੰਘ ਸਮਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਗੁਰਵਿੰਦਰ ਸਿੰਘ ਜੀਵਨ ਚੱਕ ਅਤੇ ਜਮਹੂਰੀ ਕਿਸਾਨ ਸਭਾ ਦੇ ਸਾਥੀ ਬਲਵੰਤ ਸਿੰਘ ਘੋਅ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਸਵੰਤ ਸਿੰਘ ਸਿੰਘਪੁਰ ਪ੍ਰਧਾਨ ਜਿਲਾ ਜਲੰਧਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ ਉੜਾਪੜ ਪਿੰਡ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ 100 ਵਰਕਰਾਂ ਨੂੰ ਗ੍ਰਿਫਤਾਰ ਕਰਕੇ ਔੜ ਥਾਣੇ ਵਿੱਚ ਬੰਦ ਕੀਤਾ ਗਿਆ। ਹਰਿਆਣਾ ਥਾਣਾ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ ਅਤੇ ਭੁਪਿੰਦਰ ਭੂੰਗਾ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਜਥਾ ਗੁਰਦਾਸਪੁਰ ਬਾਈਪਾਸ ਨੇੜੇ ਪੁਲਸ ਨੇ ਰੋਕੀ ਰੱਖਿਆ ਅਤੇ ਗੁਰਦਾਸਪੁਰ ਜ਼ਿਲ੍ਹੇ ਦਾ ਕਿਰਤੀ ਕਿਸਾਨ ਯੂਨੀਅਨ ਦਾ ਜਥਾ ਅਤੇ ਗੁਰਦਾਸਪੁਰ ਜਾ ਰਹੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਪੁਲਿਸ ਨੇ ਗ੍ਰਿਫਤਾਰ ਕਰ ਕੇ ਥਾਣਿਆਂ ਵਿੱਚ ਬੰਦ ਕਰ ਦਿੱਤਾ। ਇਹਨਾਂ ਜਥਿਆਂ ਦੇ ਨਾਲ ਫੜੇ ਗਏ ਪ੍ਰਮੁੱਖ ਆਗੂਆਂ ਵਿੱਚ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਸ਼ਾਮਲ ਹਨ।
ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਟੀਮ, ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਵਿੱਚ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਲੰਧਰ ਜਾ ਰਹੀ ਸੀ। ਉਹਨਾਂ ਦੀਆਂ 10- 12 ਗੱਡੀਆਂ ਨਕੋਦਰ ਤੋਂ ਪਿੱਛੇ ਲੱਦੜਾਂ ਕੋਲ ਪੁਲਿਸ ਨੇ ਨਾਕਾ ਲਾ ਕੇ ਰੋਕ ਲਈਆਂ। ਉਹਨਾਂ ਦੀਆਂ ਬਾਕੀ ਗੱਡੀਆਂ ਪਤਾ ਲੱਗਣ ਤੇ ਰਸਤਾ ਬਦਲ ਕੇ ਜਲੰਧਰ ਪਹੁੰਚਣ ਵਿੱਚ ਸਫਲ ਹੋ ਗਈਆਂ ਪਰ ਉਹਨਾਂ ਦੀਆਂ ਪੰਜ ਗੱਡੀਆਂ ਤੇ ਸਾਥੀ ਕਿਸਾਨਾਂ ਨੂੰ ਬਡਾਲਾ ਚੌਂਕ ਜਲੰਧਰ ਤੋਂ ਪੁਲਿਸ ਨੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਤਰ੍ਹਾਂ ਇਹ ਖਬਰ ਦਿਖੇ ਜਾਣ ਤੱਕ ਗੁਰਦਾਸਪੁਰ ਤੋਂ ਜਲੰਧਰ ਤੱਕ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਗੂਆਂ ਦੀ ਫੜੋ ਫੜੀ ਜਾਰੀ ਹੈ। ਕਿਸਾਨਾਂ ਨੇ ਭਾਜਪਾ ਉਮੀਦਵਾਰ ਫਤਿਹ ਜੰਗ ਸਿੰਘ ਬਾਜਵਾ ਅਤੇ ਉਹਨਾਂ ਦੀਆਂ ਬੱਸਾਂ ਨੂੰ ਘੇਰ ਕੇ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਭਾਜਪਾ ਦੀਆਂ ਰੈਲੀਆਂ ਨੂੰ ਸਫਲ ਕਰਨ ਅਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਦਬਾਉਣ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਹੈ। ਇਸ ਨੇ ਕਿਸਾਨ ਆਗੂਆਂ ਨੂੰ ਗਿਰਫਤਾਰ ਕਰਕੇ ਦੱਸ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਭਾਜਪਾ ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ ਵੀ ਪੁਰਾਣੇ ਕੇਸਾਂ ਵਿੱਚ ਗ੍ਰਿਫਤਾਰ ਕਰਕੇ 10 ਮਈ ਤੋਂ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਪ੍ਰਧਾਨ ਨੇ ਕਿਹਾ ਕਿ ਸਰਕਾਰਾਂ ਭਾਵੇਂ ਕਿੰਨਾ ਵੀ ਜਬਰ ਕਰ ਲੈਣ ਪਰ ਉਹ ਲੋਕਾਂ ਦੀ ਜ਼ੁਬਾਨਬੰਦੀ ਨਹੀਂ ਕਰ ਸਕਦੀਆਂ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਿਕ ਕਿਸਾਨ ਘੋਲ ਦੀ ਇਹ ਪ੍ਰਾਪਤੀ ਹੈ ਕਿ ਹੱਥ ਜੋੜ ਕੇ ਖੜ੍ਹੇ ਰਹਿਣ ਵਾਲੇ ਲੋਕ ਵੋਟਾਂ ਵਾਲੀਆਂ ਪਾਰਟੀਆਂ ਦੇ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਕਰ ਰਹੇ ਹਨ। ਦੇਸ਼ ਵਿੱਚ ਬਚੀ ਖੁਚੀ ਜਮਹੂਰੀਅਤ ਨੂੰ ਸੱਚੀ ਜਮਹੂਰੀਅਤ ਵਿੱਚ ਬਦਲ ਦੇਣ ਲਈ ਅਤੇ ਡਿਕਟੇਟਰਸ਼ਿਪ ਦਾ ਮੁਕਾਬਲਾ ਕਰਨ ਲਈ ਇਹ ਸੁਲੱਖਣਾ ਵਰਤਾਰਾ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਸਮੇਤ ਗਿਰਫਤਾਰ ਕੀਤੇ ਸਾਰੇ ਆਗੂਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਹ ਸੂਚਨਾ ਸ਼ਾਮ 3 ਵਜੇ ਤੱਕ ਖਬਰ ਲਿਖੇ ਜਾਣ ਤੱਕ ਦੀ ਹੈ ਅਤੇ ਕਿਸਾਨਾਂ ਦੀ ਫੜੋ ਫੜੀ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਅਸੀ ਜਿੱਥੇ ਮੋਦੀ ਨੂੰ ਲੋਕ ਵਿਰੋਧੀ ਐਲਾਨਦੇ ਹਾਂ, ਉਥੇ ਇਹ ਗੁਰਦਾਸਪੁਰ ਵਿੱਚ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਇਕ ਦਿਨ ਪਹਿਲਾਂ ਹੀ ਘਰਾਂ ਵਿੱਚ ਨਜ਼ਰਬੰਦ ਕਰਨਾ ਪੰਜਾਬ ਸਰਕਾਰ ਵੱਲੋਂ ਵੀ ਜਮਹੂਰੀਅਤ ਦਾ ਗਲਾ ਘੁੱਟਣਾ ਹੈ ।