ਕਿਰਤੀ ਕਿਸਾਨ ਯੂਨੀਅਨ ਵੱਲੋਂ ਸਮਾਣਾ ਮੰਡੀ ਵਿਖੇ ਵਿਸ਼ਾਲ ਰੈਲੀ

0
184

ਕਿਰਤੀ ਕਿਸਾਨ ਯੂਨੀਅਨ ਵੱਲੋਂ ਸਮਾਣਾ ਮੰਡੀ ਵਿਖੇ ਵਿਸ਼ਾਲ ਰੈਲੀ

ਭਾਰਤ-ਪਾਕਿਸਤਾਨ ਵਪਾਰ ਅਟਾਰੀ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖ੍ਹੋਲਣ ਦੀ ਕੀਤੀ ਜੋਰਦਾਰ ਮੰਗ

ਵੀਜ਼ਾ ਸ਼ਰਤਾਂ ਖਤਮ ਕਰਕੇ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਲਈ ਖੁੱਲ੍ਹ ਦੇਣ ਦੀ ਕੀਤੀ ਵਕਾਲਤ

ਬਾਸਮਤੀ ਦੇ ਨਿਰਯਾਤ ਉੱਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਵਾਪਸ ਲੈਣ ਦੀ ਕੀਤੀ ਮੰਗ

ਸਮਾਣਾ, 20 ਸਤੰਬਰ, 2023: ਕਿਰਤੀ ਕਿਸਾਨ ਯੂਨੀਅਨ ਨੇ ਅੱਜ ਸਮਾਣਾ ਅਨਾਜ ਮੰਡੀ ਵਿਖੇ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖ੍ਹੋਲਣ ਲਈ ਜੋਰਦਾਰ ਆਵਾਜ਼ ਬੁਲੰਦ ਕੀਤੀ ਹੈ। ਰੈਲੀ ਵਿੱਚ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਆਪਣੀ ਉਪਜ ਸਮੇਤ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ਤੇ ਸਿੱਧਾ ਵਪਾਰ ਕਰਨ ਦੀ ਇਜਾਜਤ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਨਿਰਯਾਤ ਉੱਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।

ਵਰਣਨਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਮੁੱਦੇ ਤੇ ਛੇੜੀ ਮੁਹਿੰਮ ਨੂੰ ਸਮਾਜ ਦੇ ਵੱਖ ਵੱਖ ਤਬਕਿਆਂ ਨੇ ਭਰਵਾਂ ਸਹਿਯੋਗ ਦਿੰਦਿਆਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਵੀ ਕੀਤੀ।

ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਪਟਿਆਲਾ, ਜਿਲ੍ਹਾ ਮੀਤ ਪ੍ਰਧਾਨ ਜਸਵੀਰ ਸਿੰਘ ਫਤਿਹਪੁਰ ਅਤੇ ਜਿਲ੍ਹਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਨੂੰ ਭਾਰਤ ਪਾਕਿਸਤਾਨ ਵਿਚਕਾਰ ਦੁਸ਼ਮਣੀ ਦੀ ਅੱਗ ਬਾਲਣ ਦੀ ਥਾਂ ਦੋਸਤਾਨਾ ਰਿਸ਼ਤਿਆਂ ਨੂੰ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ।ਇਸ ਸਾਂਝ ਨੂੰ ਉਸਾਰਨ ਵਿਚ ਭਾਰਤ ਪਾਕਿਸਤਾਨ ਵਪਾਰ ਇੱਕ ਮਹੱਤਵਪੂਰਨ ਕੜੀ ਹੈ। ਭਾਰਤ ਸਰਕਾਰ ਨੇ 2019 ’ਚ ਪਾਕਿਸਤਾਨ ਨੂੰ ਵਪਾਰ ਲਈ ਅਨੁਕੂਲ ਦੇਸ਼ਾਂ ਦੀ ਸੂਚੀ ਵਿੱਚੋਂ ਖਾਰਜ ਕਰਕੇ ਗੈਰ-ਜ਼ਰੂਰੀ ਵਸਤਾਂ ਉੱਪਰ 200% ਰੈਗੂਲੇਟਰੀ ਡਿਊਟੀ ਲਗਾ ਦਿੱਤੀ ਸੀ। ਜਿਸ ਕਾਰਨ ਪੰਜਾਬ ਦੇ ਸੜਕੀ ਲਾਂਘਿਆਂ ਰਾਹੀ ਪਾਕਿਸਤਾਨ ਨਾਲ ਵਪਾਰ ਨਾ ਸਿਰਫ ਤਬਾਹ ਹੋ ਗਿਆ ਬਲਕਿ ਪੰਜਾਬ ਦੇ ਹਿੱਤਾਂ ਨੂੰ ਭਾਰੀ ਢਾਹ ਵੀ ਲੱਗੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ 1.35 ਅਰਬ ਡਾਲਰ ਦੀ ਰਕਮ ਦੇ ਲਗਭਗ ਵਪਾਰ ਹੋ ਰਿਹਾ ਹੈ ਪਰ ਇਹ ਵਪਾਰ ਜਿਆਦਾਤਰ ਅਡਾਨੀ ਦੀ ਮੁੰਦਰਾ ਬੰਦਰਗਾਹ (ਗੁਜਰਾਤ) ਤੋਂ ਸਮੁੰਦਰੀ ਰਸਤੇ ਰਾਹੀਂ ਹੁੰਦਾ ਹੈ। ਕੇਂਦਰ ਦੀ ਭਾਜਪਾ ਸਰਕਾਰ ਤੇ ਅਡਾਨੀ ਵਰਗੇ ਕਾਰਪੋਰੇਟ ਦੇ ਹਿੱਤ ਪੂਰਨ ਅਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਇਲਜਾਮ ਲਗਾਉਂਦਿਆਂ ਕਿਸਾਨ ਆਗੂਆਂ ਨੇ ਪੰਜਾਬ ਦੇ ਸੜਕੀ ਲਾਂਘਿਆਂ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਰਾਹੀਂ ਇਹ ਵਪਾਰ ਖ੍ਹੋਲਣ ਦੀ ਜ਼ੋਰਦਾਰ ਮੰਗ ਕੀਤੀ।

ਕਾਨਫਰੰਸ ਦੌਰਾਨ ਯੂਨੀਅਨ ਦੇ ਜਿਲ੍ਹਾ ਜਨਰਲ ਸਕੱਤਰ ਦਲਜਿੰਦਰ ਸਿੰਘ ਹਰਿਆਉ, ਜਿਲ੍ਹਾ ਵਿੱਤ ਸਕੱਤਰ ਕੁਲਵੀਰ ਸਿੰਘ ਟੋਡਰਪੁਰ, ਮਨਿਦਰ ਤਰਖਾਣਮਾਜਰਾ ਅਤੇ ਬਲਾਕ ਪ੍ਰਧਾਨ ਸ਼ੇਰ ਸਿੰਘ ਕਾਕੜਾ ਨੇ ਕਿਹਾ ਕਿ ਮੌਜੂਦਾ ਸਮੇਂ ਦੋਹਾਂ ਮੁਲਕਾਂ ਵਿਚਕਾਰ 80% ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਦੁਬਈ ਰਾਹੀਂ ਹੋ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਖੇਤੀ ਸੰਦ ਬਣਾਉਣ ਵਾਲੇ ਕਾਰੀਗਰਾਂ, ਟਰੱਕ ਉਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੰਕਟਗ੍ਰਸਤ ਆਰਥਿਕਤਾ ਲਈ ਇਹ ਵਪਾਰ ਸੰਜੀਵਨੀ ਬੂਟੀ ਦਾ ਕੰਮ ਕਰ ਸਕਦਾ ਇਸ ਲਈ ਪੰਜਾਬ ਸਰਕਾਰ ਅਤੇ ਇਥੋਂ ਦੇ ਲੋਕਾਂ ਨੂੰ ਸੜਕੀ ਲਾਂਘਿਆਂ ਰਾਹੀਂ ਵਪਾਰ ਨੂੰ ਖੁੱਲਵਾਉਣ ਲਈ ਜੋਰਦਾਰ ਚਾਰਾਜੋਈ ਕਰਨੀ ਚਾਹੀਦੀ ਹੈ।

ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਗਿੱਲ ਅਤੇ ਸੁਰਿੰਦਰ ਸਿੰਘ ਖਾਲਸਾ ਨੇ ਕਿਹਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ 350 ਦੇ ਲਗਭਗ ਵਸਤਾਂ ਦਾ ਵਪਾਰ ਹੁੰਦਾ ਰਿਹਾ ਜੋ ਕਿ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ ’ਤੇ ਕਿੰਨੇ ਅੰਤਰ-ਨਿਰਭਰ ਹਨ। ਇਸ ਵਪਾਰ ਦੇ ਵਾਧੇ ਦੀਆਂ ਅਸੀਮ ਸੰਭਾਵਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਾਡੇ ਖੇਤੀ ਸੰਦਾਂ,ਕਿੰਨੂ, ਸੇਬ,ਆਲੂ, ਬਾਸਮਤੀ ਅਤੇ ਸਰੋਂ ਸਮੇਤ ਹੋਰ ਫਸਲਾਂ ਦੀ ਪਾਕਿਸਤਾਨ ਅਤੇ ਮੱਧ ਪੂਰਬ ਵਿੱਚ ਮੰਗ ਬਾਗਬਾਨੀ, ਛੋਟੀ ਸਨਅਤ ਨੂੰ ਹੁਲਾਰਾ ਦੇਣ ਦਾ ਸਬੱਬ ਫ਼ਸਲੀ ਵਿਭਿੰਨਤਾ ਦੇ ਸਾਡੇ ਟੀਚੇ ਨੂੰ ਪ੍ਰਾਪਤ ਕਰਨ ਦਾ ਸਾਧਨ ਬਣ ਸਕਦਾ।

ਕਿਸਾਨ ਆਗੂਆਂ ਕਰਮਜੀਤ ਸਿੰਘ ਪਾਤੜਾਂ ਅਤੇ ਜਰਨੈਲ ਸਿੰਘ ਮਰਦਾਹੇੜੀ ਨੇ ਕਿਹਾ ਕਿ ਭਾਜਪਾ ਵਲੋਂ ਦੇਸ਼ ਨੂੰ ਇੱਕ ਰੰਗ ਵਿੱਚ ਰੰਗਣ ਦੀ ਫਾਸ਼ੀਵਾਦੀ ਧੁੱਸ ਦੇ ਚਲਦਿਆਂ ਪਾਕਿਸਤਾਨ ਨਾਲ ਵਪਾਰ ਖੋਲ੍ਹਣ ਦੀ ਮੰਗ ਕਰਨ ਵਾਲਿਆਂ ਨੂੰ ਅਕਸਰ ਦੇਸ਼ ਵਿਰੋਧੀ ਗਰਦਾਨ ਦਿੱਤਾ ਜਾਂਦਾ। ਜੱਥੇਬੰਦੀ ਦੇ ਆਗੂਆਂ ਨੇ ਸਵਾਲ ਕੀਤਾ ਕਿ ਜੇਕਰ ਮੁੰਦਰਾ ਬੰਦਰਗਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ’ਤੇ ਰੋਕਾਂ ਕਿਉਂ ?

ਇਸ ਰੈਲੀ ਨੂੰ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਦਲਜੀਤ ਸਿੰਘ ਚੱਕ ਅਤੇ ਸਬਜ਼ੀ ਮੰਡੀ ਆੜਤੀਆ ਐਸ਼ੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਚੀਮਾ, ਆੜਤੀ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸਤਪਾਲ ਜੋਹਰੀ ਅਤੇ ਝਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ।

ਅਖੀਰ ਵਿੱਚ ਰੈਲੀ ਦੌਰਾਨ ਜੱਥੇਬੰਦੀ ਨੇ ਸਮਾਰਟ ਚਿੱਪ ਮੀਟਰਾਂ ਵਾਲੇ ਮੁੱਦੇ ਨੂੰ ਲੈ ਕੇ 25 ਸਤੰਬਰ ਨੂੰ ਐਕਸੀਅਨ ਦਫ਼ਤਰ ਪਾਤੜਾ ਦਾ ਘੇਰਾਓ ਕਰਨ ਦਾ ਐਲਾਨ ਵੀ ਕੀਤਾ।

LEAVE A REPLY

Please enter your comment!
Please enter your name here