ਕਿਰਤੀ ਕਿਸਾਨ ਯੂਨੀਅਨ ਵੱਲੋਂ ਬਿਜਲੀ ਬੋਰਡ ਦੇ ਸਬ-ਡਵੀਜ਼ਨ ਲੌਂਗੋਵਾਲ ਅੱਗੇ ਰੋਸ ਧਰਨਾ

0
157

ਰਿਸ਼ਵਤਖੋਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਰੁਕੇ ਹੋਏ ਕੰਮ ਕਰਕੇ ਲਾਇਨਾਂ ਚਾਲੂ ਕਰਨ ਦੀ ਮੰਗ

ਮੁਲਾਜ਼ਮਾਂ ਵੱਲੋਂ ਕਿਸਾਨਾਂ ਤੋਂ ਰਿਸ਼ਵਤ ਲੈਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਦਾ ਸਬੂਤ: ਕੇਕੇਯੂ

ਲੌਂਗੋਵਾਲ, 13 ਜੂਨ, 2023: ਬਿਜਲੀ ਬੋਰਡ ਦੇ ਸਬ-ਡਵੀਜ਼ਨ ਲੌਂਗੋਵਾਲ ਦੇ ਮੁਲਾਜ਼ਮਾਂ ਵੱਲੋਂ ਕੰਮ ਬਦਲੇ ਪੈਸੇ ਮੰਗਣ, ਹਨੇਰੀ ਕਾਰਨ ਡਿੱਗੀਆਂ ਲਾਇਨਾਂ ਨੂੰ ਚਾਲੂ ਨਾ ਕਰਨ ਅਤੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਰੋਸ ਧਰਨਾ ਸ਼ੁਰੂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਰਿਸਵਤਖੋਰ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਕੇ ਕਿਸਾਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾਂਦੇ ਅਤੇ ਰੁਕੇ ਹੋਏ ਕੰਮ ਕਰਕੇ ਲਾਇਨਾਂ ਚਾਲੂ ਨਹੀਂ ਕੀਤੀਆਂ ਜਾਂਦੀਆਂ ਮੋਰਚਾ ਜਾਰੀ ਰਹੇਗਾ।

ਇਸ ਸਮੇਂ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੇ ਜਥੇਬੰਦੀ ਦੇ ਆਗੂਆਂ ਨਾਲ ਕਈ ਵਾਰ ਮੀਟਿੰਗਾਂ ਕਰਕੇ ਵਿਸ਼ਵਾਸ ਦਿਵਾਇਆ ਸੀ ਕਿ ਕਿਸਾਨਾਂ ਦੇ ਕੰਮ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਕੀਤੇ ਜਾਣਗੇ, ਪਰ ਵਾਰ-ਵਾਰ ਗੇੜੇ ਮਾਰਨ ਦੇ ਬਾਵਜੂਦ ਕੰਮ ਨਹੀਂ ਕੀਤੇ ਗਏ ਅਤੇ ਕਿਸਾਨਾਂ ਤੋਂ ਕੰਮ ਕਰਾਉਣ ਬਦਲੇ ਮੁਲਾਜ਼ਮਾਂ ਨੇ ਕਥਿਤ ਤੌਰ ਤੇ ਰਿਸ਼ਵਤ ਲੈ ਕੇ ਕਿਸਾਨਾਂ ਦੀ ਲੁੱਟ ਕੀਤੀ ਹੈ। ਕਿਸਾਨਾਂ ਨਾਲ ਅਜਿਹਾ ਸਲੂਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਇਸ ਤੋਂ ਉਲਟ ਹੈ। ਜਿਸ ਕਾਰਨ ਮਜਬੂਰ ਹੋ ਕੇ ਅੱਜ ਮੋਰਚਾ ਲਾਉਣਾ ਪਿਆ ਹੈ। ਪਟਿਆਲੇ ਮੁੱਖ ਦਫਤਰ ਅੱਗੇ ਕਿਸਾਨੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਲਾਠੀਚਾਰਜ ਕਰਨ ਦੀ ਵੀ ਆਗੂਆਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਜਬਰ ਦਾ ਰਾਹ ਛੱਡ ਕੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਦੇ ਰਾਹ ਪਵੇ।

ਅੱਜ ਦੇ ਰੋਸ ਧਰਨੇ ਨੂੰ ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ, ਕਰਮ ਸਿੰਘ, ਰਾਜਾ ਸਿੰਘ ਜੈਦ, ਭੋਲਾ ਸਿੰਘ ਪਨਾਂਚ, ਜੱਗੀ ਬਰਾੜ, ਬਲਵਿੰਦਰ ਸਿੰਘ ਭੋਲਾ, ਬੀਕੇਯੂ ਡਕੌਂਦਾ ਦੇ ਆਗੂ ਭੋਲਾ ਸਿੰਘ, ਮਹਿੰਦਰ ਸਿੰਘ, ਪ੍ਰਗਟ ਸਿੰਘ ਨੇ ਵੀ ਰੋਸ ਧਰਨੇ ਦੀ ਹਮਾਇਤ ਕੀਤੀ।

LEAVE A REPLY

Please enter your comment!
Please enter your name here