ਨੂਰਾਂ ਸਿਸਟਰ, ਮਾਸਟਰ ਸਲੀਮ ਸਮੇਤ ਵੱਡੇ ਫਨਕਾਰ ਕਰਨਗੇ ਕਲ੍ਹਾ ਦਾ ਪ੍ਰਦਰਸ਼ਨ
ਅੰਮ੍ਰਿਤਸਰ, 14 ਮਾਰਚ
ਸੈਰ ਸਪਾਟਾ ਵਿਭਾਗ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ 15 ਤੋਂ 17 ਮਾਰਚ ਤੱਕ ਤਿੰਨ ਰੋਜ਼ਾ ਸੂਫੀ ਫੈਸਟੀਵਲ ਕਿਲ੍ਹਾ ਗੋਬਿੰਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨੂਰਾਂ ਸਿਸਟਰ, ਮਾਸਟਰ ਸਲੀਮ, ਫਿਰੋਜ਼ ਖਾਨ, ਮਾਸ਼ਾ ਅਲੀ, ਅਕੀਦਤ, ਰਾਣੀ ਰਣਦੀਪ, ਹਸ਼ਮਤ ਸੁਲਤਾਨਾ, ਸੁਪਨੰਦਨ ਅੰਮ੍ਰਿਤਸਰੀਆਂ ਦਾ ਮਨੋਰੰਜਨ ਕਰਨਗੇ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ 15 ਅਤੇ 16 ਮਾਰਚ ਨੂੰ ਦਾਖਲਾ ਆਮ ਲੋਕਾਂ ਲਈ ਖੁੱਲਾ ਰਹੇਗਾ, ਜਦਕਿ 17 ਮਾਰਚ ਨੂੰ ਕੇਵਲ ਜੀ-20 ਲਈ ਵਿਦੇਸ਼ਾਂ ਤੋਂ ਆਏ ਮਹਿਮਾਨ ਹੀ ਇਸ ਪ੍ਰੋਗਰਾਮ ਦਾ ਅਨੰਦ ਲੈਣਗੇ। ਉਨਾਂ ਦੱਸਿਆ ਕਿ ਪ੍ਰੋਗਰਾਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਦਾ ਹੋਵੇਗਾ ਅਤੇ ਪ੍ਰੋਗਰਾਮ ਆਮ ਲੋਕਾਂ ਲਈ ਵੀ ਮੁਫ਼ਤ ਹੋਵੇਗਾ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਸੂਫੀ ਫੈਸਟੀਵਲ ਨੂੰ ਸਲਾਨਾ ਮੇਲੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਅੰਮ੍ਰਿਤਸਰੀਆਂ ਨੇ ਸੂਫੀ ਕਲਾ ਨੂੰ ਰੱਜਵਾਂ ਪਿਆਰ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵਿਸ਼ਵ ਪੱਧਰੀ ਸੂਫੀ ਮੇਲਾ ਬਣ ਜਾਵੇਗਾ। ਉਨਾਂ ਕਿਹਾ ਕਿ ਸੂਫੀ ਕਾਵਿ ਪੰਜਾਬ ਸਾਹਿਤ ਇਤਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ ਅਤੇ ਇਸ ਦੇ ਮੋਢੀ ਕਲਮਕਾਰਾਂ ਵਿਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲੇ ਸ਼ਾਹ, ਹਾਸ਼ਮ ਸ਼ਾਹ, ਗੁਲਾਮ ਫਰੀਦ ਵਰਗੇ ਵੱਡੇ ਸੂਫੀ ਕਵੀ ਹੋਏ ਹਨ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਸੰਗੀਤ ਦੀ ਇਸ ਸੂਖਮ ਕਲਾ ਜ਼ਰੀਏ ਸੁਹਜ, ਸੁਆਦ ਅਤੇ ਚੰਗੇ ਜੀਵਨ ਦੀ ਪ੍ਰੇਰਨਾ ਦਿੱਤੀ ਜਾਵੇ। ਉਨਾਂ ਅੰਮ੍ਰਿਤਸਰ ਵਾਸੀਆਂ ਨੂੰ ਇਸ ਸੂਫੀ ਮੇਲੇ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ।