ਕਿਸਾਨਾਂ ਦੇ ਮੋਢਿਆਂ ‘ਤੇ ਰੱਖ ਕੇ ਲੀਡਰੀ ਨਾ ਚਮਕਾਉਣ ਸਿਆਸੀ ਨੇਤਾ- ਕਿਸਾਨ ਆਗੂ

0
449

* ਬਿਜਲੀ ਲਈ ਸਮਾਰਟ-ਮੀਟਰ: ਗਰੀਬਾਂ ‘ਤੇ ਇੱਕ ਹੋਰ ਆਰਥਿਕ ਹਮਲਾ; ਘਰਾਂ ‘ਚ ਪਸਰੇਗਾ ਹਨੇਰਾ
ਚੰਡੀਗੜ੍ਹ, (ਦਲਜੀਤ ਕੌਰ ਭਵਾਨੀਗੜ੍ਹ)—ਕਿਸਾਨ ਧਰਨਿਆਂ ਦੇ 365ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਵਿੱਚ ਆਏ ਭੂਚਾਲ ਅਤੇ ਇਸ ਨੂੰ ਕਿਸਾਨ ਅੰਦੋਲਨ ਨਾਲ ਜੋੜ੍ਹਨ ਦੀਆਂ ਕੋਝੀਆਂ ਚਾਲਾਂ ਦਾ ਗੰਭੀਰ ਨੋਟਿਸ ਲਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਅੰਦੋਲਨ ਦੇ ਪਹਿਲੇ ਦਿਨ ਤੋਂ ਸਪੱਸ਼ਟ ਕਰਦੇ ਹਾਂ ਕਿ ਸਾਰੀਆਂ ਵੋਟਾਂ ਬਟੋਰੂ ਸਿਆਸੀ ਪਾਰਟੀਆਂ ਦੀਆਂ ਆਰਥਿਕ ਨੀਤੀਆਂ ਕਾਰਪੋਰੇਟ ਪੱਖੀ ਹਨ। ਜਿਸ ਨੀਤੀ ਤਹਿਤ ਖੇਤੀ ਕਾਨੂੰਨ ਲਿਆਂਦੇ ਗਏ ਹਨ, ਉਸ ਨੀਤੀ ਦੀ ਜਨਮ-ਦਾਤੀ ਕਾਂਗਰਸ ਪਾਰਟੀ ਹੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਬੀ ਜੇ ਪੀ ਨੇ ਇਨ੍ਹਾਂ ਲੋਕ-ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੀ ਰਫਤਾਰ ਤੇਜ਼ ਕਰ ਦਿੱਤੀ ਹੈ। ਹੁਣ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਇੱਕ ਕਾਂਗਰਸ ਨੇਤਾ ਖੇਤੀ ਕਾਨੂੰਨ ਰੱਦ ਕਰਵਾਊਗਾ। ਕਿਸਾਨ ਸਰਕਾਰ ਦੀਆਂ ਅਜਿਹੀਆਂ ਭਰਮਾਊ ਚਾਲਾਂ ਵਿੱਚ ਨਹੀਂ ਆ ਆਉਣਗੇ। ਉਨ੍ਹਾਂ ਦੀ ਇੱਕੋ-ਇੱਕ ਟੇਕ ਆਪਣਾ ਮਜ਼ਬੂਤ ਤੇ ਵਿਸ਼ਾਲ ਜਥੇਬੰਦਕ ਏਕਾ ਹੈ। ਇਸੇ ਏਕੇ ਸਹਾਰੇ ਕਿਸਾਨਾਂ ਨੇ ਆਪਣੇ ਅੰਦੋਲਨ ਦੀ ਵਿਸ਼ਵ-ਵਿਆਪੀ ਤੇ ਇਤਿਹਾਸਕ ਪਹਿਚਾਣ ਸਥਾਪਤ ਕੀਤੀ ਹੈ। ਅਸੀਂ ਇਸੇ ਅੰਦੋਲਨ ਦੇ ਦਬਾਅ ਨਾਲ ਹੀ ਖੇਤੀ ਕਾਨੂੰਨ ਰੱਦ ਕਰਵਾਵਾਂਗੇ, ਕਿਸੇ ਸਿਆਸੀ ਨੇਤਾ ਦੇ ਮੋਢੇ ਦਾ ਸਹਾਰਾ ਲੈ ਕੇ ਨਹੀਂ।
ਕਿਸਾਨ ਧਰਨਿਆਂ ਨੂੰ ਸੰਬੋਧਨ ਕਰਦਿਆਂ ਅੱਜ ਵੱਖ-ਵੱਖ ਥਾਵਾਂ ਤੇ ਬੁਲਾਰਿਆਂ ਨੇ ਬਿਜਲੀ ਦੇ ਸਮਾਰਟ ਮੀਟਰਾਂ ਦਾ ਮੁੱਦਾ ਵੀ ਉਠਾਇਆ। ਆਗੂਆਂ ਨੇ ਕਿਹਾ ਕਿ ਰਵਾਇਤੀ ਮੀਟਰਾਂ ਵਿੱਚ ਬਿੱਲ ਭਰਨ ਲਈ ਕੁੱਝ ਦਿਨਾਂ ਦੀ ਮੋਹਲਤ ਮਿਲ ਜਾਂਦੀ ਹੈ ਅਤੇ ਗਰੀਬ ਆਦਮੀ ਹੱਥ ਵਿੱਚ ਪੈਸੇ ਆਉਣ ‘ਤੇ ਬਿਜਲੀ ਬਿੱਲ ਭਰ ਦਿੰਦਾ ਸੀ ।ਪਰ ਸਮਾਰਟ ਮੀਟਰ ਲਈ ਪੈਸੇ ਅਗਾਊਂ ਭਰਨੇ ਪੈਣਗੇ। ਇਸ ਕਾਰਨ ਗਰੀਬ ਆਦਮੀ ਬਿਜਲੀ ਸੇਵਾਵਾਂ ਤੋਂ ਵਿਰਵੇ ਹੋ ਜਾਣਗੇ। ਸਰਕਾਰ ਨੂੰ ਇਹ ਸਕੀਮ ਤੁਰੰਤ ਵਾਪਸ ਲੈਣੀ ਚਾਹੀਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਅਕਤੂਬਰ ਨੂੰ ਪੰਜਾਬ ਦੇ ਧਰਨਿਆਂ ਦੀ ਪਹਿਲੀ ਵਰ੍ਹੇਗੰਢ ਮਨਾਈ ਜਾਵੇਗੀ। ਇਸ ਦਿਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਵੱਡੇ ਇਕੱਠ ਕੀਤੇ ਜਾਣਗੇ ਅਤੇ ਵਿਸ਼ੇਸ਼ ਪ੍ਰੋਗਰਾਮ ਅੰਜਾਮ ਦਿੱਤੇ ਜਾਣਗੇ। ਸਾਲ ਭਰ ਦੌਰਾਨ ਧਰਨੇ ‘ਚ ਆਏ ਉਤਰਾਵਾਂ-ਚੜਾਵਾਂ ਦਾ ਲੇਖਾ-ਜੋਖਾ ਕੀਤਾ ਜਾਵੇਗਾ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

LEAVE A REPLY

Please enter your comment!
Please enter your name here