ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਜਪਾ ਦੀ ਸੋਚੀ ਸਮਝੀ ਚਾਲ ਹੈ ਗੋਦਾਮਾਂ ਦਾ ਖਾਲੀ ਨਾ ਹੋਣਾ – ਟੀਨੂੰ

0
24

ਆਪ ਆਗੂ ਪਵਨ ਟੀਨੂੰ ਨੇ ਕੇਂਦਰੀ ਮੰਤਰੀ ਨੂੰ ਕੀਤਾ ਸਵਾਲ, ਪੁੱਛਿਆ -ਫਸਲ ਪਹਿਲੀ ਵਾਰ ਤਾਂ ਮੰਡੀਆਂ ਵਿੱਚ ਨਹੀਂ ਆਈ ਹੈ, ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਜਗ੍ਹਾ ਖਾਲੀ ਕਿਉਂ ਨਹੀਂ ਕਰਵਾਈ?

ਭਾਜਪਾ ਲੋਕ ਸਭਾ ਚੋਣਾਂ ਵਿਚ ਇਕ ਵੀ ਸੀਟ ਨਾ ਮਿਲਣ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ – ਟੀਨੂੰ

ਚੰਡੀਗੜ੍ਹ, 14 ਅਕਤੂਬਰ

ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਹੈ।  ‘ਆਪ’ ਆਗੂ ਅਤੇ ਪਾਰਟੀ ਦੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕੇਂਦਰ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਗੁਦਾਮ ਖਾਲੀ ਨਹੀਂ ਕਰਵਾਏ।

ਪਵਨ ਟੀਨੂੰ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਸਵਾਲ ਕੀਤਾ ਕਿ ਇਸ ਵਾਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਵਾਰ ਤਾਂ ਅਨਾਜ ਨਹੀਂ ਆਇਆ, ਫਿਰ ਕੇਂਦਰ ਸਰਕਾਰ ਨੇ ਅਜੇ ਤੱਕ ਜਗ੍ਹਾ ਖਾਲੀ ਕਿਉਂ ਨਹੀਂ ਕਰਵਾਈ?  ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਹਫੜਾ-ਦਫੜੀ ਮਚਾ ਕੇ ਅਤੇ ਮਾਹੌਲ ਖਰਾਬ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ।

ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਕੇਂਦਰ ਸਰਕਾਰ ਵੱਲੋਂ ਕੀਤੀ ਜਾਂਦੀ ਹੈ।  ਇਸ ਦੇ ਲਈ ਪੰਜਾਬ ਸਰਕਾਰ ਐਫਸੀਆਈ ਅਤੇ ਕੇਂਦਰ ਸਰਕਾਰ ਨੂੰ ਲਗਾਤਾਰ ਪੱਤਰ ਲਿਖ ਰਹੀ ਸੀ।  ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੇਂਦਰੀ ਮੰਤਰੀ ਨੂੰ ਪੱਤਰ ਲਿਖਿਆ ਪਰ ਜਾਣਬੁੱਝ ਕੇ ਦੇਰੀ ਕੀਤੀ ਗਈ

ਟੀਨੂੰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ਨੂੰ ਭਰਿਆ ਹੈ ਅਤੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਹੈ। ਪੰਜਾਬ ਦੇ ਕਿਸਾਨਾਂ ਕਾਰਨ ਦੇਸ਼ ਵਿੱਚ ਲਗਭਗ ਛੇ ਦਹਾਕਿਆਂ ਤੋਂ ਅਨਾਜ ਦੀ ਕੋਈ ਕਮੀ ਨਹੀਂ ਹੋਈ।  ਇਸ ਦੇ ਲਈ ਸਾਡੇ ਕਿਸਾਨਾਂ ਨੇ ਆਪਣਾ ਪਾਣੀ ਖਤਮ ਕਰ ਦਿੱਤਾ।  ਫਿਰ ਵੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ।  ਇਹ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਤੀ ਨਾਲ ਜੁੜੀਆਂ ਸਮੱਸਿਆਵਾਂ ਦਾ ਮਤਲਬ ਇੱਥੋਂ ਦੀ ਸਮੁੱਚੀ ਆਰਥਿਕਤਾ ਦਾ ਹਿੱਲਣਾ ਹੈ। ਇੱਥੋਂ ਦਾ ਸਿਸਟਮ ਖੇਤੀ ‘ਤੇ ਨਿਰਭਰ ਹੈ। ਇਹ ਜਾਣਦੇ ਹੋਏ ਕੇਂਦਰ ਸਰਕਾਰ ਅਜਿਹਾ ਕੰਮ ਕਰ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਭਾਜਪਾ ਜਾਣਬੁੱਝ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਐਫਸੀਆਈ ਦੇ ਗੁਦਾਮਾਂ ਵਿੱਚੋਂ ਅਨਾਜ ਖਾਲੀ ਨਹੀਂ ਕਰਾਇਆ।  ਉਹ ਦਿੱਲੀ ਅਤੇ ਪੰਜਾਬ ਦੀ ‘ਆਪ’ ਸਰਕਾਰ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ

ਭਾਜਪਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਵਿੱਚ ਇੱਕ ਵੀ ਸੀਟ ਨਾ ਮਿਲਣ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। ਝੋਨੇ ਦੀ ਖਰੀਦ ਵਿੱਚ ਦੇਰੀ ਵੀ ਜਾਣਬੁੱਝ ਕੇ ਇਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।

ਟੀਨੂੰ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ।  ਉਨ੍ਹਾਂ ਕਿਹਾ ਕਿ 31 ਮਾਰਚ, 2025 ਤੱਕ 120 ਲੱਖ ਮੀਟ੍ਰਿਕ ਟਨ ਅਨਾਜ ਚੁੱਕ ਕੇ ਸਪੇਸ ਉਪਲਬਧ ਕਰਵਾਈ ਜਾਵੇਗੀ ਅਤੇ ਕੇਂਦਰ  ਆਵਾਜਾਈ ਦਾ ਖਰਚਾ ਚੁੱਕਣ ਲਈ ਵੀ ਤਿਆਰ ਹੈ।  ਜਿਹੜਾ ਝੋਨਾ ਸੁਖ ਜਾਂਦਾ ਹੈ ਅਤੇ ਜਿਸ ਨੂੰ ਬਿਨਾਂ ਕਿਸੇ ਮੀਟਿੰਗ ਅਤੇ ਸਲਾਹ-ਮਸ਼ਵਰੇ ਦੇ 1 ਫੀਸਦੀ ਤੋਂ ਘਟਾ ਕੇ ਅੱਧਾ ਫੀਸਦੀ ਕਰ ਦਿੱਤਾ ਗਿਆ ਸੀ ਤੇ ਵੀ ਕੇਂਦਰ ਸਰਕਾਰ ਵਿਚਾਰ ਕਰੇਗੀ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਕਿਹਾ ਕਿ ਅਸੀਂ ਇੱਕ ਹੋਰ ਫਸਲ ਉਗਾਉਣ ਲਈ ਤਿਆਰ ਹਾਂ ਪਰ ਕੇਂਦਰ ਸਰਕਾਰ ਇਸ ਦੀ ਖਰੀਦ ਦੀ ਗਰੰਟੀ ਲਵੇ।

LEAVE A REPLY

Please enter your comment!
Please enter your name here