ਕਿਸਾਨਾਂ ਵੱਲੋਂ ਗਿੱਦੜਬਾਹਾ ਤੇ ਬਰਨਾਲਾ ਹਲਕਿਆਂ ‘ਚ ਭਾਜਪਾ ਤੇ ਆਪ ਦੇ ਚਾਰੇ ਉਮੀਦਵਾਰਾਂ ਦੇ ਰਿਹਾਇਸ਼ੀ ਦਫ਼ਤਰਾਂ ਅੱਗੇ 30 ਪੱਕੇ ਮੋਰਚੇ ਜਾਰੀ
ਜ਼ਿਮਨੀ ਚੋਣਾਂ ‘ਚ ਦੌਰਾਨ 26 ਟੌਲ ਮੁਕਤ ਮੋਰਚਿਆਂ ਤੇ ਵੀ ਪੱਕੇ ਮੋਰਚੇ ਜਾਰੀ
ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਸਮੇਤ ਡੀ ਏ ਪੀ ਅਤੇ ਪਰਾਲ਼ੀ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਮੰਗ
ਦਲਜੀਤ ਕੌਰ
ਚੰਡੀਗੜ੍ਹ, 5 ਨਵੰਬਰ, 2024: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਜ਼ਿਮਨੀ ਚੋਣਾਂ ਵਿੱਚ ਗਿੱਦੜਬਾਹਾ ਹਲਕੇ ਤੋਂ ਆਪ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਸਮੇਤ ਅੱਜ ਮਾਲਵੇ ਦੇ ਦੋਨਾਂ ਹਲਕਿਆਂ ਵਿੱਚ ਸੱਤਾਧਾਰੀ ਦਲਾਂ ਦੇ ਚਾਰੇ ਉਮੀਦਵਾਰਾਂ ਦੇ ਰਿਹਾਇਸ਼ੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾਏ ਗਏ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 26 ਟੌਲ-ਮੁਕਤ ਮੋਰਚਿਆਂ ਸਮੇਤ ਅੱਜ ਲਾਏ ਗਏ 30 ਪੱਕੇ ਮੋਰਚੇ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਇਨ੍ਹਾਂ ਭਖਦੀਆਂ ਮੰਗਾਂ ਬਾਰੇ ਲਗਾਤਾਰ ਅਣਦੇਖੀ ਕਰਨ ਵਾਲੇ ਡੀ ਸੀ ਬਠਿੰਡਾ ਦੇ ਦਫ਼ਤਰ ਦਾ ਅਣਮਿਥੇ ਸਮੇਂ ਲਈ ਘਿਰਾਓ ਵੀ ਅੱਜ ਸ਼ੁਰੂ ਕੀਤਾ ਗਿਆ। ਬਹੁਤੇ ਜ਼ਿਲ੍ਹਿਆਂ ਵਿੱਚ ਅਜੇ ਵੀ ਕਈ ਮੰਡੀਆਂ ਵਿੱਚ ਖਰੀਦ ਸਮੇਂ ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਖ੍ਰੀਦ ਅਧਿਕਾਰੀਆਂ ਦੀ ਮਿਲੀਭੁਗਤ ਰਾਹੀਂ ਪਾਏ ਜਾ ਰਹੇ ਬੇਲੋੜੇ ਅੜਿੱਕੇ ਅਤੇ ਪ੍ਰਤੀ ਕੁਇੰਟਲ 100 ਤੋਂ 200 ਰੁਪਏ ਤੱਕ ਕੀਤੀ ਜਾ ਰਹੀ ਜਬਰੀ ਕਟੌਤੀ ਵਿਰੁੱਧ ਜਥੇਬੰਦੀ ਵੱਲੋਂ ਇਸ ਧੱਕੇਸ਼ਾਹੀ ਦੇ ਜ਼ਿੰਮੇਵਾਰਾਂ ਦੇ ਵੀ ਇਸੇ ਤਰ੍ਹਾਂ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜ਼ਿਮਨੀ ਚੋਣਾਂ ਵਿੱਚ ਵੋਟਾਂ ਬਟੋਰਨ ਦੇ ਮਕਸਦ ਨਾਲ ਡੀ ਏ ਪੀ ਖਾਦ ਦੇ ਗੁਆਂਢੀ ਜ਼ਿਲ੍ਹਿਆਂ ਦੇ ਕੋਟੇ ਚੁਣਾਵੀ ਹਲਕਿਆਂ ਵਿੱਚ ਲੈਜਾਣ ਦੀਆਂ ਸਾਜ਼ਸ਼ਾਂ ਵਿਰੁੱਧ ਜ਼ਿਲ੍ਹਾ ਮਲੇਰਕੋਟਲਾ ਦੀ ਤਰਜ਼ ‘ਤੇ ਸੰਬੰਧਿਤ ਰੇਲ ਗੱਡੀਆਂ ਜਾਂ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ।
ਪਰਾਲ਼ੀ ਦੇ ਬਿਨਾਂ ਸਾੜਨ ਤੋਂ ਨਿਪਟਾਰੇ ਲਈ ਗ੍ਰੀਨ ਟ੍ਰਿਬਿਊਨਲ ਦੀਆਂ ਛੋਟੇ ਕਿਸਾਨਾਂ ਪੱਖੀ ਹਦਾਇਤਾਂ ਲਾਗੂ ਨਾ ਕਰਨ ਕਰਕੇ ਮਜਬੂਰੀ ਵੱਸ ਪਰਾਲ਼ੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਮੁਕੱਦਮੇ, ਜੁਰਮਾਨੇ, ਲਾਲ ਐਂਟਰੀਆਂ ਅਤੇ ਹੋਰ ਦਬਾਅ-ਪਾਊ ਕਦਮ ਰੋਕਣ ਲਈ ਵੀ ਥਾਂ ਥਾਂ ਲਾਏ ਜਾ ਰਹੇ ਮੋਰਚੇ ਸਾਰੇ ਪ੍ਰਭਾਵਿਤ ਕਿਸਾਨਾਂ ਦੇ ਖੇਤਾਂ ਵਿੱਚ ਪੁੱਜੇ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਜਾਂ ਫਿਰ ਉਨ੍ਹਾਂ ਦੇ ਦਫ਼ਤਰਾਂ ਅੱਗੇ ਹੋਰ ਵੀ ਵੱਡੀ ਪੱਧਰ ‘ਤੇ ਲਾਏ ਜਾਣਗੇ। ਹੋਰ ਰੁਝੇਵਿਆਂ ‘ਚ ਫਸੇ ਇਸ ਜਾਬਰ ਕੰਮ ‘ਚ ਪਛੜ ਜਾਣ ਵਾਲੇ ਪੁਲਿਸ ਅਧਿਕਾਰੀਆਂ ਤੇ ਨੋਡਲ ਅਫਸਰਾਂ ਨੂੰ ਮੁਅੱਤਲ ਕਰਨ ਵਰਗੇ ਫੈਸਲਿਆਂ ਦਾ ਵੀ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ਼ 8% ਲਈ ਜ਼ਿੰਮੇਵਾਰ ਕਿਸਾਨਾਂ ਸਿਰ ਪ੍ਰਦੂਸ਼ਣ ਦਾ ਸਾਰਾ ਦੋਸ਼ ਮੜ੍ਹਨਾ ਅਤੇ 51% ਪ੍ਰਦੂਸ਼ਣ ਫੈਲਾਉਣ ਵਾਲੇ ਸਨਅਤੀ ਘਰਾਣਿਆਂ ਨੂੰ ਦੋਸ਼ ਮੁਕਤ ਕਰਨਾ ਸਰਾਸਰ ਬੇਇਨਸਾਫ਼ੀ ਹੈ। ਚਿੱਟੇ ਵਰਗੇ ਜਾਨਲੇਵਾ ਨਸ਼ਿਆਂ ਦੇ ਤਸਕਰਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀਆਂ ਬਾਰੇ ਅੱਖਾਂ ਮੀਚਣ ਵਾਲਾ ਸਰਕਾਰ ਦਾ ਦੋਗਲਾ ਵਿਹਾਰ ਇਸ ਕਾਲੇ ਧੰਦੇ ਦੀ ਅੰਨ੍ਹੀ ਕਮਾਈ ਵਿੱਚ ਮੋਟੀਆਂ ਹਿੱਸਾਪੱਤੀਆਂ ਦੀ ਗਵਾਹੀ ਭਰਦਾ ਹੈ।
ਅੱਜ ਦੇ ਮੋਰਚਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ ਤੇ ਕਮਲਜੀਤ ਕੌਰ ਬਰਨਾਲਾ ਸਮੇਤ ਜ਼ਿਲ੍ਹਾ ਤੇ ਬਲਾਕ ਪੱਧਰੇ ਆਗੂ ਸ਼ਾਮਲ ਸਨ। ਬੁਲਾਰਿਆਂ ਵੱਲੋਂ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਨ੍ਹਾਂ 30 ਪੱਕੇ ਮੋਰਚਿਆਂ ਤੋਂ ਇਲਾਵਾ ਮੰਡੀਆਂ ਵਿੱਚ ਅਤੇ ਲੋੜ ਅਨੁਸਾਰ ਪਰਾਲ਼ੀ ਜਾਂ ਡੀ ਏ ਪੀ ਸੰਬੰਧੀ ਬੇਇਨਸਾਫ਼ੀਆਂ ਵਿਰੁੱਧ ਲਾਏ ਜਾਣ ਵਾਲੇ ਮੋਰਚਿਆਂ ਵਿੱਚ ਪ੍ਰਵਾਰਾਂ ਸਮੇਤ ਵਹੀਰਾਂ ਘੱਤ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
1. ਟੌਲ ਪਲਾਜ਼ਾ ਕਾਲਾਝਾੜ ਸੰਬੋਧਨ ਕਰਤਾ ਜਸਵੀਰ ਸਿੰਘ ਗੱਗੜਪੁਰ।
2. ਡੀ ਸੀ ਦਫ਼ਤਰ ਬਠਿੰਡਾ ਦਾ ਘਿਰਾਓ ਕਰ ਰਹੇ ਕਿਸਾਨਾਂ ਮਜ਼ਦੂਰਾਂ ਦਾ ਠਾਠਾਂ ਮਾਰਦਾ ਇਕੱਠ।