* ਭਾਜਪਾ ਤੋਂ ਬਿਨਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਕਿਸਾਨਾਂ ਦਾ ਕੀਤਾ ਸਮਰਥਨ – ਸ਼ਿੰਗਾਰਾ ਸਿੰਘ ਮਾਨ
ਦਿੱਲੀ, (ਦਲਜੀਤ ਕੌਰ ਭਵਾਨੀਗੜ੍ਹ)-ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿੱਕਰੀ ਬਾਰਡਰ ਦੀ ਸਟੇਜ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਅਤੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਦਿਨੋਂ ਦਿਨ ਸਿਖਰਾਂ ਵੱਲ ਪਹੁੰਚ ਰਿਹਾ ਹੈ। ਭਾਜਪਾ ਅਤੇ ਕੇਂਦਰ ਸਰਕਾਰ ਨਾਲ ਗੱਠਜੋੜ ‘ਚ ਸ਼ਾਮਲ ਪਾਰਟੀਆਂ ਤੋਂ ਬਿਨਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਦਿੱਲੀ ਮੋਰਚੇ ਦੇ ਦਬਾਓ ਸਦਕਾ ਅੰਦੋਲਨਕਾਰੀ ਕਿਸਾਨਾਂ ਦੀ ਬੋਲੀ ਬੋਲਣ ਲਈ ਮਜਬੂਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੇਘਾਲਿਆ ਦਾ ਰਾਜਪਾਲ ਸੰਘਰਸ਼ ਦੇ ਪਹਿਲੇ ਦਿਨ ਤੋਂ ਹੀ ਕਿਸਾਨ ਸੰਘਰਸ਼ ਦੇ ਪੱਖ ‘ਚ ਬੋਲ ਰਿਹਾ ਹੈ ਜੋ ਸਾਬਤ ਕਰਦਾ ਹੈ ਕਿ ਭਾਜਪਾ ਸਰਕਾਰ ‘ਚ ਅੰਦਰੂਨੀ ਫੁੱਟ ਪੈਣੀ ਸ਼ੁਰੂ ਹੋ ਗਈ ਹੈ ਇਹ ਵੀ ਸਬਰ ਅਤੇ ਸੰਤੋਖ ਨਾਲ ਲੜੇ ਸੰਘਰਸ਼ ਦਾ ਹੀ ਸਿੱਟਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਆਦਾ ਸਮਾਂ ਵਿਦੇਸ਼ੀ ਦੌਰਿਆਂ ’ਤੇ ਹੀ ਰਹਿੰਦਾ ਸੀ ਜਦੋਂ ਤੋਂ ਕਿਸਾਨ ਸੰਘਰਸ਼ ਸ਼ੁਰੂ ਹੋਇਆ ਹੈ ਸਿਰਫ 3 ਵਾਰ ਹੀ ਵਿਦੇਸ਼ ਗਿਆ ਤੇ 3 ਵਾਰ ਹੀ ਉਸ ਨੂੰ ਵਿਦੇਸ਼ਾਂ ਦੇ ਲੋਕਾਂ ਅਤੇ ਉੱਥੇ ਵਸ ਰਹੇ ਭਾਰਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਹ ਲੋਕ ਘੋਲ਼ ਦੀਆਂ ਡੂੰਘੀਆਂ ਜੜ੍ਹਾਂ ਦੀ ਨਿਸ਼ਾਨੀ ਹੈ ਅਤੇ ਧੱਕੇ ਨਾਲ ਥੋਪੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆ ਸੰਬੰਧੀ ਲੋਕਾਂ ਦੀ ਵਧੀ ਚੇਤਨਾ ਦਾ ਹੀ ਸਿੱਟਾ ਹੈ। ਡੀ ਐੱਮ ਸੀ ਲੁਧਿਆਣਾ ਤੋਂ ਡਾ. ਅਰੁਣ ਮਿਤਰਾ ਨੇ ਕਿਹਾ ਕਿ ਇਸ ਘੋਲ ਦੀਆਂ ਗੂੰਜਾਂ ਸੰਸਾਰ ਦੇ ਕੋਨੇ ਕੋਨੇ ‘ਚ ਪੈ ਰਹੀਆਂ ਹਨ ਕਿਉਂਕਿ ਇਹ ਘੋਲ ਕੱਲੇ ਕਿਸਾਨਾਂ ਦਾ ਨਹੀਂ ਹੈ ਇਹ ਘੋਲ ਤਾਂ ਅੰਨ ਸੁਰੱਖਿਆ ਦੇ ਮਸਲੇ ਦੀ ਲੜਾਈ ਹੈ ਜੋ ਕੁੱਲ ਕਿਰਤ ਕਰਨ ਵਾਲੇ ਲੋਕਾਂ ਦੀ ਲੜਾਈ ਹੈ। ਇਸ ਕਰਕੇ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਿਰਤ ਕਰਨ ਵਾਲੇ ਲੋਕ ਇਸ ਸੰਘਰਸ਼ ‘ਚ ਵੱਧ ਤੋਂ ਵੱਧ ਯੋਗਦਾਨ ਪਾਈਏ। ਅੱਜ ਸਟੇਜ ਸਕੱਤਰ ਦੀ ਭੂੁਮਿਕਾ ਮਾਨਸਾ ਜ਼ਿਲ੍ਹੇ ਦੇ ਆਗੂ ਉੱਤਮ ਸਿੰਘ ਰਾਮਾਂ ਨੰਦੀ ਨੇ ਬਾਖੂਬੀ ਨਿਭਾਈ। ਇਸ ਮੌਕੇ ਮਨਜੀਤ ਸਿੰਘ ਘਰਾਚੋਂ, ਦੇਸਾ ਸਿੰਘ ਘਰਿਆਲਾ, ਮਾਸਟਰ ਨਛੱਤਰ ਸਿੰਘ ਢੱਡੇ, ਜਗਸੀਰ ਸਿੰਘ ਜਵਾਹਰਕੇ ਨੇ ਵੀ ਸੰਬੋਧਨ ਕੀਤਾ।
Boota Singh Basi
President & Chief Editor