ਕਿਸਾਨ ਜੱਥੇਬੰਦੀਆਂ ਨੇ ਕੌਮੀ ਮਾਰਗ ਤੇ ਅਮਿਤ ਸ਼ਾਹ, ਮਨੋਹਰ ਖੱਟਰ ਤੇ ਅਨਿਲ ਵਿੱਜ ਦੇ ਪੁਤਲੇ ਫੂਕੇ
– WTO ਛੱਡਣ ਦੀ ਮੰਗ ਨੂੰ ਲੈ ਕੇ 26 ਫਰਵਰੀ ਨੂੰ ਟਰੈਕਟਰ ਪਰੇਡ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ
– 14 ਮਾਰਚ ਨੂੰ ਰਾਮਲੀਲਾ ਮੈਦਾਨ, ਨਵੀਂ ਦਿੱਲੀ ਵਿਖੇ ਵਿਸ਼ਾਲ ਕਿਸਾਨ ਮਜ਼ਦੂਰ ਮਹਾਪੰਚਾਇਤ ਵਿੱਚ ਸ਼ਮੂਲੀਅਤ ਦਾ ਐਲਾਨ
ਭਵਾਨੀਗੜ੍ਹ,
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿੱਜ ਦਾ ਪੁਤਲ ਭਵਾਨੀਗੜ੍ਹ ਵਿਖ ਪੁਰਾਣੇ ਬੱਸ ਸਟੈਂਡ ਤੇ ਕੌਮੀ ਮਾਰਗ ਉੱਤੇ ਫੂਕਿਆ ਗਿਆ ਅਤੇ ਕਿਸਾਨਾਂ ਤੇ ਢਾਹੇ ਜਾ ਰਹੇ ਜਬਰ ਦੀ ਕਰੜੀ ਨਿੰਦਾ ਕੀਤੀ ਗਈ। ਇਸ ਤੋਂ ਪਹਿਲਾਂ ਸਥਾਨਕ ਦਾਣਾ ਮੰਡੀ ‘ਚ ਇਕੱਠੇ ਹੋਏ ਅਤੇ ਉਥੋਂ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਵੀ ਕੀਤਾ।
ਇਸ ਮੌਕੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲਿਆਂ ਤੇ ਐੱਫਆਈਆਰ ਦਰਜ ਕਰਕੇ ਸਖ਼ਤ ਸਜ਼ਾਵਾਂ ਦੇਣ, ਕਿਸਾਨੀ ਮੰਗਾਂ ਮੰਨਵਾਉਣ ਬਾਰੇ ਅਤੇ ਹੋਰ ਕਿਸਾਨੀ ਮੁੱਦਿਆਂ ਉਤੇ ਸੰਬੋਧਨ ਕਰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਹਰਿਆਣਾ ਸਰਕਾਰ ਜਿੱਥੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ, ਉਥੇ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੰਧਾਂ ਕਰ ਕੇ ਕੰਡਿਆਲੀਆਂ ਤਾਰਾਂ ਲਗਾ ਕੇ, ਤਿਖੇ ਕਿੱਲ ਗੱਡ ਕੇ ਸੜਕਾਂ ਤੇ ਖਾਈਆਂ ਪੱਟ ਕੇ ਪੁਲਿਸ ਵੱਲੋਂ ਮੁਕੰਮਲ ਰਾਹ ਰੋਕ ਕੇ ਅੱਥਰੂ ਗੈਸ ਦੇ ਗੋਲੇ ਤੇ ਪਲਾਸਟਿਕ ਦੀਆਂ ਗੋਲੀਆਂ ਅੰਨੇਵਾਹ ਵਰਾਈਆਂ ਜਾ ਰਹੀਆਂ ਹਨ। ਜਿਸ ਨਾਲ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਇਸ ਗੈਰ ਲੋਕਤੰਤਰੀ ਧੱਕੇ ਤੇ ਜੁਲਮ ਦੇ ਖਿਲਾਫ ਅੱਜ ਦਾ ਇਹ ਫੌਰੀ ਐਕਸਨ ਲਿਆ ਗਿਆ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਜ਼ਬਰ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਿਸਾਨੀ ਮੰਗਾਂ ਉਤੇ ਵਿਸ਼ਾਲ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਿਸਾਨ ਆਗੂਆਂ ਨੇ ਭਾਜਪਾ ਦੇ ਆਗੂਆਂ ਦਾ ਪਿੰਡਾਂ ਵਿੱਚ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਰਮ ਸਿੰਘ ਬਲਿਆਲ, ਬੁੱਧ ਸਿੰਘ, ਮਹਿੰਦਰ ਸਿੰਘ ਮਾਝੀ, ਮਾਲਵਿੰਦਰ ਸਿੰਘ, ਦਰਬਾਰਾ ਸਿੰਘ ਨਾਗਰਾ, ਜਸਪਾਲ ਸਿੰਘ ਘਰਾਚੋਂ, ਜਗਦੇਵ ਸਿੰਘ ਘਰਾਚੋਂ, ਬਲਜਿੰਦਰ ਸਿੰਘ ਸੰਘਰੇੜੀ, ਸੁਖਦੇਵ ਸਿੰਘ ਘਰਾਚੋਂ, ਬਹਾਦਰ ਸਿੰਘ ਘਰਾਚੋਂ, ਚਮਕੌਰ ਸਿੰਘ ਭੱਟੀਵਾਲ, ਸਰੂਪ ਸਿੰਘ, ਗੁਰਜੰਟ ਸਿੰਘ, ਬਘੇਲ ਸਿੰਘ, ਅਵਤਾਰ ਸਿੰਘ ਬਾਦਲ ਕਲਾਂ, ਚਰਨ ਸਿੰਘ, ਸਿਮਰਨਜੀਤ ਸਿੰਘ, ਗੁਰਧਿਆਨ ਸਿੰਘ ਭੱਟੀਵਾਲ ਕਲਾਂ, ਕੁਲਤਾਰ ਸਿੰਘ, ਕਸ਼ਮੀਰ ਸਿੰਘ ਘਰਾਚੋਂ ਆਦਿ ਹਾਜ਼ਰ ਸਨ ਹਾਜ਼ਰ ਸਨ।