— ਵਿੱਤੀ ਸਾਲ 2023-24 (ਦਸੰਬਰ ਤੱਕ) ਵਿੱਚ ਕਿਸਾਨ ਭਵਨ ਰਾਹੀਂ 2,63,34,730 ਰੁਪਏ ਦੀ ਆਮਦਨ
— 7880 ਵਰਗ ਫੁੱਟ ਵਿੱਚ 36 ਕਿਸਮਾਂ ਦੇ 700 ਰੁੱਖਾਂ ਦਾ ਲਾਇਆ ਗਿਆ ਹੈ ਜੰਗਲ
ਚੰਡੀਗੜ੍ਹ, 8 ਜਨਵਰੀ 2024 : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਚੰਡੀਗੜ੍ਹ ਸਥਿਤ ਕਿਸਾਨ ਭਵਨ ਅਤੇ ਸ੍ਰੀ ਆਨੰਦਪੁਰ ਸਾਹਿਬ (ਰੋਪੜ) ਸਥਿਤ ਕਿਸਾਨ ਹਵੇਲੀ ਵਿਖੇ ਆਨਲਾਈਨ ਬੁਕਿੰਗ ਲਈ ਵੈੱਬ ਪੋਰਟਲ ਲਾਂਚ ਕੀਤਾ ਗਿਆ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹੁਣ ਲੋਕ ਮੌਕੇ ਤੇ ਕਮਰੇ ਬੁੱਕ ਕਰਵਾਉਣ ਦੇ ਨਾਲ-ਨਾਲ ਇਸ ਵੈੱਬ ਪੋਰਟਲ ਰਾਹੀਂ ਕਿਸੇ ਵੀ ਥਾਂ ਤੋਂ ਕਿਸਾਨ ਭਵਨ ਵਿਖੇ ਕਮਰੇ ਲਈ ਆਨਲਾਈਨ ਬੁਕਿੰਗ ਕਰਵਾ ਸਕਦੇ ਹਨ ਅਤੇ ਇਸ ਨਾਲ ਲੋਕ ਵਾਜਬ ਕੀਮਤ ‘ਤੇ ਵੱਧ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ kisanbhawan.emandikaran-pb.in ਵੈਬ ਸਾਇਟ ਰਾਹੀਂ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਬੁਕਿੰਗ ਕਰਵਾਉਣ ਦੇ ਨਾਲ-ਨਾਲ ਵਧੇਰੀ ਜਾਣਕਾਰੀ ਵੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਕਿਸਾਨ ਭਵਨ, ਚੰਡੀਗੜ੍ਹ 3 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। ਇਸ ਵਿੱਚ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦਿਆਂ ਹਰ ਪੁਖਤਾਂ ਇੰਤਜਾਮ ਕੀਤੇ ਗਏ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਲੋਕਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ 100 ਤੋਂ ਵੱਧ ਗੱਡੀਆਂ ਦੀ ਪਾਰਕਿੰਗ ਲਈ ਜਗ੍ਹਾਂ ਮੁਹੱਇਆ ਕਰਵਾਈ ਗਈ ਹੈ। ਆਧੁਨਿਕ ਸਹੂਲਤਾਂ ਤੋਂ ਭਰਪੂਰ ਤੇ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ 40 ਬੈੱਡਰੂਮ ਅਤੇ 115 ਡੌਰਮੈਟਰੀ ਬੈੱਡ ਹਨ, ਜਿਨ੍ਹਾਂ ਵਿੱਚ ਟੈਲੀਵਿਜ਼ਨ ਤੋਂ ਲੈ ਕੇ ਸਟੱਡੀ ਟੇਬਲ ਤੱਕ ਦੀ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਵੀ ਤੇ ਚਿਨਾਬ ਨਾਂ ਦੇ ਦੋ ਕਾਨਫਰੰਸ ਹਾਲ, ਜਿਨ੍ਹਾਂ ਵਿੱਚ 40 ਤੋਂ ਲੈ ਕੇ 100 ਲੋਕਾਂ ਤੱਕ ਭਾਗ ਲੈਣ ਦੀ ਵਿਵਸਥਾ ਹੈ ਅਤੇ ਸਤੱਲੁਜ ਤੇ ਬਿਆਸ ਨਾਂ ਦੇ ਵੱਡੇ ਪਾਰਟੀ ਹਾਲ ਵੀ ਇੱਥੇ ਮੌਜੂਦ ਹਨ, ਜਿਨ੍ਹਾਂ ਵਿੱਚ 150 ਤੋਂ ਲੈ ਕੇ 1000 ਤੱਕ ਦੀ ਗਿਣਤੀ ਤੱਕ ਲੋਕ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਖਾਣਾ ਖਾਉਣ ਦੇ ਲਈ ਇਕ ਵੱਡਾ ਏਅਰ-ਕੰਡੀਸ਼ਨਡ ਡਾਇਨਿੰਗ ਹਾਲ ਵੀ ਹੈ। ਲੋਕਾਂ ਦੀ ਸਹੂੱਲਤ ਲਈ ਏ.ਟੀ.ਐਮ. ਵੀ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਘਟਾਇਆ ਜਾ ਸਕਦਾ ਹੈ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਜਿੱਥੇ ਕਿਸਾਨ ਭਵਨ ਦੇ 7880 ਵਰਗ ਫੁੱਟ ਖੇਤਰ ਵਿੱਚ 36 ਵੱਖ-ਵੱਖ ਕਿਸਮਾਂ ਦੇ 700 ਰੁੱਖਾਂ ਦਾ ਜੰਗਲ ਲਗਾਇਆ ਗਿਆ ਹੈ, ਉੱਥੇ ਹੀ ਹਰੇ ਭਰੇ ਲਾਅਨ ਅਤੇ ਲੈਂਡਸਕੇਪਿੰਗ ਖੇਤਰ ਵੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਹਵੇਲੀ, ਸ੍ਰੀ ਆਨੰਦਪੁਰ ਸਾਹਿਬ (ਰੋਪੜ) ਵਿਖੇ ਆਧੁਨਿਕ ਸੁਵਿਧਾਵਾਂ ਤੋਂ ਭਰਪੂਰ ਕੁੱਲ 14 ਕਮਰੇ ਹਨ।
ਸ. ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਕਿਸਾਨ ਭਵਨ ਵਿੱਚ ਬੁਕਿੰਗ ਲਗਾਤਾਰ ਜਾਰੀ ਹੈ। ਜਿੱਥੇ ਅਪ੍ਰੈਲ ‘ਚ ਆਮਦਨ 7,08,350 ਰੁਪਏ ਸੀ, ਉਥੇ ਦਸੰਬਰ ਮਹੀਨੇ ਤੱਕ ਇਹ ਵਧ ਕੇ 43,02,154 ਰੁਪਏ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 (ਦਸੰਬਰ ਤੱਕ) ਵਿੱਚ ਮੰਡੀ ਬੋਰਡ ਨੇ ਕਿਸਾਨ ਭਵਨ ਰਾਹੀਂ 2,63,34,730 ਰੁਪਏ ਦੀ ਆਮਦਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨ ਭਵਨ ਅਤੇ ਕਿਸਾਨ ਹਵੇਲੀ ਵਿੱਚ ਬੁਕਿੰਗ ਅਤੇ ਹੋਰ ਕਾਰਜਾਂ ਲਈ ਆਪਣਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਤਾਕਿ ਜਿੱਥੇ ਲੋਕਾਂ ਨੂੰ ਘੱਟੋਂ-ਘੱਟ ਕੀਮਤ ਤੇ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਸਕੇ, ਉੱਥੇ ਹੀ ਮੰਡੀ ਬੋਰਡ ਨੂੰ ਵੀ ਆਰਥਿਕ ਤੌਰ ਤੇ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਦੀ ਬਿਹਤਰੀ ਵਾਸਤੇ ਕਾਰਜ ਕਰਦੀ ਰਹੇਗੀ। ਇਸ ਮੌਕੇ ਸ. ਪਰਮਜੀਤ ਸਿੰਘ, ਚੀਫ਼ ਓਪਰੇਟਿੰਗ ਅਫ਼ਸਰ ਸਹਿਤ ਸਮੂਹ ਅਧਿਕਾਰੀ ਮੌਜੂਦ ਰਹੇ।