ਜਗਰਾਉਂ, 20 ਮਈ, 2024: ਅੱਜ ਪਿੰਡ ਅਖਾੜਾ ਵਿਖੇ ਗੈਸ ਫੈਕਟਰੀ ਬੰਦ ਕਰਾਉਣ ਲਈ ਚੱਲ ਰਿਹਾ ਸੰਘਰਸ਼ ਮੋਰਚਾ 21ਵੇਂ ਦਿਨ ਚ ਦਾਖਲ ਹੋ ਗਿਆ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸੱਕਤਰ ਇੰਦਰਜੀਤ ਸੰਘ ਧਾਲੀਵਾਲ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਪਿੰਡ ਵਾਸੀਆਂ ਨੇ ਦੱਸਿਆ ਕਿ 21 ਮਈ ਨੂੰ ਘਰ-ਘਰ ਦਾ ਮਜ਼ਦੂਰ ਕਿਸਾਨ ਮਹਾਂਪੰਚਾਇਤ ‘ਚ ਪੂਰ ਜੋਸ਼-ਖ਼ਰੋਸ਼ ਨਾਲ ਭਾਗ ਲਵੇਗਾ। ਪਿੰਡ ‘ਚੋਂ ਇੱਕ ਸੋ ਤੋ ਉੱਪਰ ਟਰੈਕਟਰਾਂ ਤੇ ਟ੍ਰਾਲੀਆਂ ਦਾ ਕਾਫ਼ਲਾ ਮਹਾਂਪੰਚਾਇਤ ‘ਚ ਸ਼ਾਮਲ ਹੋਵੇਗਾ। ਇਸ ਸਮੇਂ ਪਿੰਡ ਇਕਾਈ ਦੇ ਪ੍ਰਧਾਨ ਹਰਤੇਜ ਸਿੰਘ ਅਖਾੜਾ ਅਤੇ ਸੱਕਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪਿੰਡਵਾਸੀਆ ਨੇ ਗੈਸ ਫੈਕਟਰੀ ਦੇ ਪੱਕੇ ਤੋਰ ਤੇ ਬੰਦ ਹੋਣ ਤੱਕ ਸੰਘਰਸ਼ ਮੋਰਚਾ ਜਾਰੀ ਰਹੇਗਾ। ਮਹਾਂਪੰਚਾਇਤ ‘ਚ ਲੁਧਿਆਣਾ ਜਿਲੇ ਚ ਲੱਗ ਰਹੀਆਂ ਪਰਦੁਸ਼ਿਤ ਫੈਕਟਰੀਆਂ ਬੰਦ ਕਰਾਉਣ ਦਾ ਮੁੱਦਾ ਪੂਰੇ ਜ਼ੋਰ ਨਾਲ ਆਗੂਆਂ ਵੱਲੋਂ ਉਠਾਇਆ ਜਾਵੇਗਾ।
ਇਸ ਸਮੇਂ ਜਿਲਾ ਸਕਤੱਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਿਲੇ ਦੇ ਸਾਰੇ ਬਲਾਕਾਂ ਚੋ ਦੋ ਹਜ਼ਾਰ ਦੇ ਕਰੀਬ ਮਜ਼ਦੂਰ ਕਿਸਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ ) ਦੀ ਅਗਵਾਈ ‘ਚ ਮਹਾਂਪੰਚਾਇਤ ‘ਚ ਸ਼ਾਮਲ ਹੋਣਗੇ। ਅੱਜ ਕਿਸਾਨ ਆਗੂਆਂ ਨੇ ਸਿਧਵਾਂਬੇਟ ਬਲਾਕ ਦੇ ਵੀਹ ਦੇ ਕਰੀਬ ਪਿੰਡਾਂ ਚ ਲੋਕਾਂ ਨੂੰ ਭਾਜਪਾ ਹਰਾਓ, ਕਾਰਪੋਰੇਟ ਭਜਾਓ, ਦੇਸ਼ ਬਚਾਓ ਦੇ ਨਾਅਰੇ ਹੇਠ ਹੋ ਰਹੀ ਮਹਾਂਪੰਚਾਇਤ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮੇਂ ਕਿਸਾਨ ਆਗੂ ਸੁਰਜੀਤ ਦੌਧਰ, ਕੁੰਡਾ ਸਿੰਘ ਕਾਓੁੱਕੇ ਹਾਜ਼ਰ ਸਨ।