ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ (ਗੈਰ ਰਾਜਨੀਤਿਕ) ਵੱਲੋਂ ਝੋਨੇ ਦੀ ਖਰੀਦ, ਪਰਾਲੀ ਅਤੇ ਡੀ. ਏ. ਪੀ. ਦੇ ਮੁੱਦੇ ਤੇ 26 ਅਕਤੂਬਰ ਨੂੰ ਵੱਡੇ ਪੱਧਰ ਤੇ ਸੜਕ ਮਾਰਗ ਜਾਮ ਕਰਨ ਦਾ ਐਲਾਨ

0
188
ਕਿਸਾਨ ਮਜ਼ਦੂਰ ਮੋਰਚਾ ਅਤੇ ਐਸ ਕੇ ਐਮ (ਗੈਰ ਰਾਜਨੀਤਿਕ) ਵੱਲੋਂ ਝੋਨੇ ਦੀ ਖਰੀਦ, ਪਰਾਲੀ ਅਤੇ ਡੀ. ਏ. ਪੀ. ਦੇ ਮੁੱਦੇ ਤੇ 26 ਅਕਤੂਬਰ ਨੂੰ ਵੱਡੇ ਪੱਧਰ ਤੇ ਸੜਕ ਮਾਰਗ ਜਾਮ ਕਰਨ ਦਾ ਐਲਾਨ
24/10/2024 ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ, ਫਰਵਰੀ 13 ਤੋਂ ਦਿੱਲੀ ਅੰਦੋਲਨ 2 ਦੀਆਂ ਮੰਗਾਂ ਤੇ ਜਾਰੀ ਸੰਘਰਸ਼ ਦਾ ਹਿੱਸਾ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ, ਝੋਨੇ ਦੇ ਖਰੀਦ ਨਾ ਹੋਣ ਕਾਰਨ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਪ੍ਰਤੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਿਖਾਈ ਜਾ ਰਹੀ ਨਖਿੱਧ ਕਾਰਗੁਜਾਰੀ ਦੇ ਚਲਦੇ 26 ਤਰੀਕ ਨੂੰ ਪੂਰੇ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜੋੜਦੇ ਮੁੱਖ ਮਾਰਗ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਦੋਨਾਂ ਫੋਰਮਾਂ ਵੱਲੋਂ ਸੰਬੋਧਨ ਕਰਦਿਆਂ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਸੁਰਜੀਤ ਸਿੰਘ ਫੂਲ, ਸਤਨਾਮ ਸਿੰਘ ਬਹਿਰੂ ਅਤੇ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਜਿਸ ਕਦਰ ਸਰਕਾਰਾਂ ਵੱਲੋਂ ਝੋਨੇ ਦੀ ਖਰੀਦ ਨੂੰ ਬਹਾਨੇ ਬਣਾ ਕੇ ਉਲਝਾਇਆ ਗਿਆ ਹੈ, ਓਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਸਰਕਾਰਾਂ ਕਿਸਾਨਾਂ ਨੂੰ ਸਰਕਾਰੀ ਖਰੀਦ ਤੋਂ ਹਤਾਸ਼ ਕਰਕੇ ਪ੍ਰਾਈਵੇਟ ਖਿਡਾਰੀਆਂ ਦੇ ਅੱਗੇ ਸ਼ਿਕਾਰ ਵਾਂਗ ਸੁੱਟਣ ਦੀ ਨੀਤੀ ਤਹਿਤ ਕੰਮ ਕਰ ਰਹੀਆਂ ਹਨ, ਜਿਸ ਦੇ ਚਲਦੇ ਮੋਗਾ, ਸੰਗਰੂਰ, ਫਗਵਾੜਾ ਅਤੇ ਬਟਾਲਾ ਵਿੱਚ ਸੜਕੀ ਆਵਾਜਾਈ ਜਾਮ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰਾਂ ਦੇ ਰਵਈਆ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਪੰਜਾਬ ਜਾ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਝੋਨਾ ਪੈਦਾ ਹੋਇਆ ਹੈ, ਜਿਸ ਦੀ ਪ੍ਰੋਕਓਰਮੇਂਟ ਵਿੱਚ ਏਨਾ ਓਬ੍ਹੜਪਨ ਦਿਖਾਇਆ ਜਾ ਰਿਹਾ ਹੈ।  ਹਾਲਾਤਾਂ ਤੋਂ ਲੱਗ ਰਿਹਾ ਹੈ ਸਰਕਾਰਾਂ ਦੀ ਇੱਛਾ ਸ਼ਕਤੀ ਹੀ ਨਹੀਂ ਹੈ ਜਿਸ ਕਾਰਨ ਅਗਾਂਹੂ ਪ੍ਰਬੰਧ ਨਹੀਂ ਕੀਤੇ ਗਏ।  ਉਹਨਾਂ ਕਿਹਾ ਕਿ ਹਾਲਾਤਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਦਿੱਲੀ ਅੰਦੋਲਨ 2 ਵਿੱਚ ਰੱਖੀ ਗਈ ਐਮ. ਐਸ. ਪੀ.  ਤੇ ਖਰੀਦ ਦਾ ਗਰੰਟੀ ਕਨੂੰਨ ਬਣਾਉਣ ਦੀ ਮੰਗ ਕਿੰਨੀ ਵਾਜ਼ਿਬ ਹੈ, ਅੱਜ ਅਗਰ ਇਹ ਕਾਨੂੰਨ ਹੁੰਦਾ ਤਾਂ ਕੋਈ ਵਪਾਰੀ ਤਹਿ ਮਾਪਦੰਡ ਪੂਰੇ ਕਰਦੀ ਫ਼ਸਲ ਨੂੰ ਕੌਡੀਆਂ ਦੇ ਭਾਅ ਨਹੀਂ ਸੀ ਖਰੀਦ ਸਕਦਾ। ਉਹਨਾਂ ਕਿਹਾ ਕਿ ਅਸੀਂ ਸੜਕਾਂ ਜਾਮ ਨਹੀਂ ਕਰਨਾ ਚਾਹੁੰਦੇ ਪਰ ਅੱਜ ਮਸਲਾ ਕਿਸਾਨ ਦੇ ਜਿਓਣ ਮਰਨ ਦਾ ਬਣ ਚੁੱਕਾ ਹੈ। ਓਹਨਾ ਕਿਹਾ ਕਿ ਕਿਸਾਨ 185 ਲੱਖ ਟਨ ਝੋਨਾ ਪੈਦਾ ਕਰਕੇ 44 ਹਜ਼ਾਰ ਕਰੋੜ ਦਾ ਹਿੱਸਾ ਇਕਾਨਮੀ ਚ ਪਾ ਰਿਹਾ ਹੈ ਪਰ ਇਸ ਨਾਲ ਸਰਕਾਰਾਂ ਵੱਲੋਂ ਮਤਰੇਈ ਮਾਂ ਨਾਲੋਂ ਵੀ ਬੁਰਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਕਿਸਾਨ ਨੂੰ ਮੰਡੀ ਚ ਰੋਲਿਆ ਜਾ ਰਿਹਾ ਦੂਜੇ ਪਾਸੇ ਪਰਾਲੀ ਸਾਂਭਣ ਲਈ ਕਿਸਾਨ 15-15 ਦਿਨ ਉਡੀਕਣ ਦੇ ਬਾਵਜੂਦ ਸਰਕਾਰ ਬੇਲਰ ਮੁਹਈਆ ਕਰਵਾਉਣ ਵਿੱਚ ਨਾਕਾਮ ਹੋ ਰਹੀ ਹੈ, ਪਰ ਮਜਬੂਰੀ ਵੱਸ ਅੱਗ ਲਗਾਉਣ ਤੇ ਪੁਲਿਸ ਕੇਸ ਦਰਜ਼ ਕੀਤੇ ਜਾ ਰਹੇ ਹਨ ਅਤੇ ਰੈੱਡ ਇੰਟਰੀਆਂ ਕੀਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਸਰਕਾਰ ਅਗਰ ਪ੍ਰਬੰਧ ਨਹੀਂ ਕਰ ਸਕਦੀ ਤਾਂ ਇਹ ਕਾਰਵਾਈ ਬੰਦ ਕਰੇ।  ਉਹਨਾਂ ਕਿਹਾ ਕਿ ਪੰਜਾਬ ਨੂੰ 5.25 ਮੀਟ੍ਰਿਕ ਲੱਖ ਟਨ ਡੀ ਏ ਪੀ ਖਾਦ ਦੀ ਜਰੂਰਤ ਹੈ ਜਦਕਿ ਮੌਜੂਦਾ ਸਮੇਂ 1.25 ਲੱਖ ਟਨ ਹੀ ਮੌਜੂਦ ਹੈ ਅਤੇ ਆਮ ਨਾਲੋਂ 50% ਵੱਧ ਮੁੱਲ ਤੇ ਮਿਲ ਰਹੀ ਹੈ ਅਤੇ ਨਾਲ ਹੋਰ ਫਾਲਤੂ ਕੈਮੀਕਲ ਖਾਦਾਂ ਧੱਕੇ ਨਾਲ ਟੈਗ ਕਰਕੇ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਸਾਡੀ ਮੰਗ ਹੈ ਕਿ ਕਿਸਾਨ ਤੇ ਪੈ ਰਹੀ ਇਸ ਚੌਤਰਫਾ ਮਾਰ ਨੂੰ ਰੋਕਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਖੱਜਲ ਖੁਆਰ ਕਰਕੇ ਸਰਕਾਰੀ ਖੇਤੀ ਮੰਡੀ ਖਤਮ ਤੋੜਕੇ ਦੇਸ਼ ਦੇ ਕਿਸਾਨ ਦੀਆਂ ਜਮੀਨਾਂ ਤੇ ਕਾਰਪੋਰੇਟ ਸੈਕਟਰ ਦਾ ਕਬਜ਼ਾ ਕਰਵਾਓਣ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ।  ਉਹਨਾਂ ਕਿਹਾ ਕਿ ਅਗਰ 26 ਤਰੀਕ ਦੇ ਐਕਸ਼ਨ ਤੋਂ ਬਾਅਦ ਵੀ ਕੋਈ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ। ਇਸ ਮੌਕੇ ਸਤਨਾਮ ਸਿੰਘ ਬਹਿਰੂ, ਗੁਰਅਮਨੀਤ ਸਿੰਘ ਮਾਂਗਟ, ਤੇਜਬੀਰ ਸਿੰਘ ਪੰਜੋਖਰਾ ਸਾਬ੍ਹ, ਅਮਰਜੀਤ ਸਿੰਘ ਮੋਹੜੀ, ਦਿਲਬਾਗ ਸਿੰਘ ਹਰੀਗੜ੍ਹ, ਜੰਗ ਸਿੰਘ ਭਟੇੜੀ, ਗੁਰਵਿੰਦਰ ਸਿੰਘ ਸਦਰਪੁਰਾ, ਗੁਰਦੀਪ ਸਿੰਘ ਸਮੇਤ ਹੋਰ ਸੀਨੀਅਰ ਆਗੂ ਹਾਜ਼ਿਰ ਰਹੇ।

LEAVE A REPLY

Please enter your comment!
Please enter your name here