ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ਵਿੱਚ ਡੀ ਸੀ/ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ

0
21
ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ਵਿੱਚ ਡੀ ਸੀ/ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਐੱਸਕੇਐੱਮ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਮੁਜ਼ਾਹਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਦੀ ਕੀਤੀ ਗਈ ਨਿਖੇਧੀ

ਕਿਸਾਨ-ਮਜ਼ਦੂਰ ਮੰਗਾਂ ਨੂੰ ਲੈ ਕੇ ਬੀਕੇਯੂ ਉਗਰਾਹਾਂ ਵੱਲੋਂ 17 ਜ਼ਿਲ੍ਹਿਆਂ ਵਿੱਚ ਡੀ ਸੀ/ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ
ਐੱਸਕੇਐੱਮ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਮੁਜ਼ਾਹਰੇ
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗ੍ਰਿਫਤਾਰੀ ਦੀ ਕੀਤੀ ਗਈ ਨਿਖੇਧੀ
ਦਲਜੀਤ ਕੌਰ
ਚੰਡੀਗੜ੍ਹ, 26 ਨਵੰਬਰ, 2024: ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ 15 ਜ਼ਿਲ੍ਹਿਆਂ ਵਿੱਚ ਡੀ ਸੀ ਅਤੇ 2 ਜ਼ਿਲ੍ਹਿਆਂ ਵਿੱਚ ਐੱਸ ਡੀ ਐਮ ਕੁੱਲ 17 ਜ਼ਿਲ੍ਹਿਆਂ ਵਿੱਚ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਸਥਾਨਕ ਅਧਿਕਾਰੀਆਂ ਨੂੰ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਸੌਂਪੇ ਗਏ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਕੁੱਲ ਮਿਲਾ ਕੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਸ਼ਾਮਲ ਹੋਏ। ਰੋਸ ਪ੍ਰਦਰਸ਼ਨਾਂ ਦੀ ਸ਼ੁਰੂਆਤ ਜੇਤੂ ਦਿੱਲੀ ਕਿਸਾਨ ਘੋਲ਼ ਦੌਰਾਨ ਸ਼ਹੀਦ ਹੋਏ 738 ਕਿਸਾਨਾਂ ਮਜ਼ਦੂਰਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ ਜਿਹੜਾ 26 ਨਵੰਬਰ 2020 ਨੂੰ ਸ਼ੁਰੂ ਹੋ ਕੇ ਸਾਲ ਤੋਂ ਵੱਧ ਸਮਾਂ ਚੱਲਿਆ ਸੀ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਦੀਆਂ ਮੁੱਖ ਕਿਸਾਨੀ ਮੰਗਾਂ ਵਿੱਚ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮ ਐੱਸ ਪੀ ਸਵਾਮੀਨਾਥਨ ਫਾਰਮੂਲੇ ਸੀ2+50% ਅਨੁਸਾਰ ਮਿਥ ਕੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਵਿਰੋਧੀ ਨੀਤੀਆਂ ਕਾਰਨ ਸਿਰ ਚੜ੍ਹੇ ਸਮੁੱਚੇ ਕਰਜ਼ਿਆਂ ‘ਤੇ ਲਕੀਰ, ਤਬਾਹੀ ਦੀ ਮੁਕੰਮਲ ਭਰਪਾਈ ਵਾਲੀ ਸਰਕਾਰੀ ਖਰਚੇ ‘ਤੇ ਫਸਲੀ ਬੀਮਾ ਸਕੀਮ, 10000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਅਤੇ ਪੁਲਸੀ ਧੱਕੇਸ਼ਾਹੀ ਦੀ ਬਜਾਏ ਜ਼ਮੀਨ ਗ੍ਰਹਿਣ ਸੋਧ ਕਾਨੂੰਨ 2013 ਅਨੁਸਾਰ ਕਿਸਾਨਾਂ ਦੀ ਤਸੱਲੀ ਮੁਤਾਬਕ ਮੁਆਵਜ਼ਾ ਦੇ ਕੇ ਹੀ ਜ਼ਮੀਨਾਂ ਗ੍ਰਹਿਣ ਕਰਨ ਸਮੇਤ ਹੋਰ ਮੰਗਾਂ ਸ਼ਾਮਲ ਹਨ। ਮਜ਼ਦੂਰਾਂ ਦੀਆਂ ਮੁੱਖ ਮੰਗਾਂ ਵਿਚ ਮਜ਼ਦੂਰ ਵਿਰੋਧੀ 4 ਲੇਬਰ ਕੋਡਜ਼ ਰੱਦ ਕਰਨ, ਹਰ ਬਾਲਗ ਮਜ਼ਦੂਰ ਲਈ ਪੱਕੇ ਰੁਜ਼ਗਾਰ ਦੀ ਗਰੰਟੀ, ਘੱਟੋ-ਘੱਟ ਤਨਖਾਹ 26000 ਰੁਪਏ ਅਤੇ ਪੈਨਸ਼ਨ 10000 ਰੁਪਏ ਪ੍ਰਤੀ ਮਹੀਨਾ ਲਾਗੂ ਕਰਨ ਅਤੇ ਕੰਮ ਦਿਹਾੜੀ 8 ਘੰਟੇ ਕਰਨ ਵਰਗੀਆਂ ਹੋਰ ਮੰਗਾਂ ਸ਼ਾਮਲ ਹਨ। ਵਿਸ਼ੇਸ਼ ਮਤੇ ਪਾਸ ਕਰਕੇ ਕਈ ਮਹੀਨਿਆਂ ਤੋਂ ਖਨੌਰੀ ਬਾਰਡਰ ‘ਤੇ ਕਿਸਾਨੀ ਮੰਗਾਂ ਲਈ ਪੱਕੇ ਮੋਰਚੇ ਵਿੱਚ ਡਟੇ ਹੋਏ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਤੜਕੇ ਤਿੰਨ ਵਜੇ ਵੱਡੀ ਗਿਣਤੀ ਪੰਜਾਬ ਤੇ ਹਰਿਆਣਾ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਰਾਹੀਂ ਗ੍ਰਿਫਤਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਬਿਨਾਂ ਸ਼ਰਤ ਤੁਰੰਤ ਰਿਹਾਈ ਦੀ ਮੰਗ ਕੀਤੀ ਗਈ।
ਸਮੂਹ ਬੁਲਾਰਿਆਂ ਵੱਲੋਂ ਸਾਰੀਆਂ ਮੰਗਾਂ ਤੁਰੰਤ ਮੰਨੇ ਜਾਣ ਉੱਤੇ ਜ਼ੋਰ ਦਿੱਤਾ ਗਿਆ। ਹੋਰ ਮੁੱਖ ਕਿਸਾਨ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਤੋਂ ਇਲਾਵਾ ਜ਼ਿਲ੍ਹਾ ਬਲਾਕ ਪੱਧਰੇ ਆਗੂ ਸ਼ਾਮਲ ਸਨ। ਕਈ ਥਾਵਾਂ ‘ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਲੁਧਿਆਣਾ, ਡੀਟੀਐੱਫ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਆਦਿ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਵੱਲੋਂ ਕ੍ਰਮਵਾਰ ਜ਼ੋਰਾ ਸਿੰਘ ਨਸਰਾਲੀ, ਵਰਿੰਦਰ ਸਿੰਘ ਮੋਮੀ, ਹਰਜਿੰਦਰ ਸਿੰਘ, ਦਿਗਵਿਜੇਪਾਲ ਅਤੇ ਪਰਗਟ ਸਿੰਘ ਸ਼ਾਮਲ ਸਨ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਉਕਤ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸਾਂਝੇ ਕੇਂਦਰੀ ਤਾਲਮੇਲ ਅਦਾਰੇ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ ਸਾਂਝਾ ਕਿਸਾਨ ਮਜ਼ਦੂਰ ਸੰਘਰਸ਼ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੂੰ ਸੱਦਾ ਦਿੱਤਾ ਗਿਆ ਕਿ ਵਿਸ਼ਾਲ ਏਕਤਾ ਅਤੇ ਜਾਨਹੂਲਵੇਂ ਸੰਘਰਸ਼ ਤੋਂ ਇਲਾਵਾ ਕਿਰਤੀ ਲੋਕਾਂ ਦੇ ਹੱਕ ਪ੍ਰਾਪਤ ਕਰਨ ਦਾ ਹੋਰ ਕੋਈ ਚਾਰਾ ਨਹੀਂ।
ਫੋਟੋ: ਡੀ ਸੀ ਦਫ਼ਤਰ ਸੰਗਰੂਰ, ਸੰਬੋਧਨ ਕਰਤਾ ਜੋਗਿੰਦਰ ਸਿੰਘ ਉਗਰਾਹਾਂ।

LEAVE A REPLY

Please enter your comment!
Please enter your name here