ਦੇਸ਼ ਦੀ ਸ਼ਾਨ ਪਹਿਲਵਾਨ ਕੁੜੀਆਂ ਦੇ ਜਿਣਸੀ ਸ਼ੋਸ਼ਣ ‘ਚ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਦੀ ਮੰਗ
ਪਹਿਲਵਾਨਾਂ ਤੇ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ
ਚੰਡੀਗੜ੍ਹ, 5 ਜੂਨ, 2023: ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦੀ ਸ਼ਾਨ ਵਧਾਉਣ ਵਾਲੀਆਂ 7 ਪਹਿਲਵਾਨ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ 18 ਜ਼ਿਲ੍ਹਿਆਂ ਵਿੱਚ 67 ਸ਼ਹਿਰਾਂ/ਕਸਬਿਆਂ ਅਤੇ 2 ਪਿੰਡਾਂ ਸਮੇਤ 69 ਥਾਵਾਂ ‘ਤੇ ਔਰਤਾਂ ਸਮੇਤ ਕੁੱਲ ਮਿਲਾ ਕੇ ਕਈ ਹਜ਼ਾਰ ਦੀ ਤਾਦਾਦ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਬ੍ਰਿਜ ਭੂਸ਼ਨ ਦੇ ਪੁਤਲੇ ਫੂਕੇ ਗਏ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨਾਂ ਲੁਧਿਆਣਾ ਦੇ – ਪਾਇਲ, ਡੇਹਲੋਂ, ਲੁਧਿਆਣਾ, ਰਾਏਕੋਟ, ਜਗਰਾਓਂ, ਫਾਜ਼ਿਲਕਾ ਦੇ – ਜਲਾਲਾਬਾਦ, ਗੁਰੂਹਰਸਹਾਏ, ਅਬੋਹਰ, ਫਿਰੋਜ਼ਪੁਰ ਦੇ – ਜੀਰਾ, ਫਿਰੋਜ਼ਪੁਰ, ਸੰਗਰੂਰ ਦੇ – ਭਵਾਨੀਗੜ੍ਹ, ਸੰਗਰੂਰ, ਦਿੜ੍ਹਬਾ, ਧੂਰੀ, ਮੂਣਕ, ਲਹਿਰਾਗਾਗਾ, ਸੁਨਾਮ, ਮਲੇਰਕੋਟਲਾ ਦੇ – ਅਮਰਗੜ੍ਹ, ਅਹਿਮਦਗੜ੍ਹ, ਮਲੇਰਕੋਟਲਾ, ਮਾਨਸਾ ਦੇ – ਬੁਢਲਾਡਾ, ਝੁਨੀਰ, ਮਾਨਸਾ, ਫਰੀਦਕੋਟ ਦੇ – ਜੈਤੋ, ਕੋਟਕਪੂਰਾ, ਅੰਮ੍ਰਿਤਸਰ ਦੇ – ਮਜੀਠਾ, ਲੋਪੋਕੇ, ਅਜਨਾਲਾ, ਅੰਮ੍ਰਿਤਸਰ ਸਾਹਿਬ, ਪਟਿਆਲਾ ਦੇ – ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ, ਪਟਿਆਲਾ, ਜਲੰਧਰ ਦੇ – ਸ਼ਾਹਕੋਟ, ਮਲਸੀਹਾਂ, ਬਲਕੋਨ੍ਹਾ, ਮਾਲੜੀ, ਮੁਕਤਸਰ ਦੇ – ਲੰਬੀ, ਗਿੱਦੜਬਾਹਾ, ਬਠਿੰਡਾ ਦੇ – ਮੌੜ ਮੰਡੀ, ਤਲਵੰਡੀ ਸਾਬੋ, ਸੰਗਤ, ਗੋਨਿਆਣਾ, ਭਗਤਾ, ਨਥਾਣਾ, ਰਾਮਪੁਰਾ, ਤਰਨਤਾਰਨ ਦੇ- ਹਰੀਕੇ, ਪੱਟੀ, ਖਡੂਰ ਸਾਹਿਬ, ਭਿਖੀਵਿੰਡ, ਵਲਟੋਹਾ, ਅਮਰਕੋਟ, ਬਰਨਾਲਾ ਦੇ – ਸ਼ੇਰਪੁਰ, ਮਹਿਲਕਲਾਂ, ਧਨੌਲਾ, ਭਦੌੜ, ਤਪਾ, ਗੁਰਦਾਸਪੁਰ ਦੇ – ਫ਼ਤਹਿਗੜ੍ਹ ਚੂੜੀਆਂ, ਭੈਣੀ ਮੀਆਂ ਖਾਂ, ਮੋਗਾ ਦੇ – ਧਰਮਕੋਟ, ਅਜੀਤਵਾਲ, ਬਾਘਾਪੁਰਾਣਾ, ਬੱਧਣੀ, ਸਮਾਲਸਰ, ਸਿੰਘਾਂਵਾਲਾ, ਮੋਹਾਲੀ ਦੇ – ਲਾਲੜੂ ਅਤੇ ਹੁਸ਼ਿਆਰਪੁਰ ਦੇ – ਬੁੱਲ੍ਹੋਵਾਲ ਆਦਿ ਵਿਖੇ ਕੀਤੇ ਗਏ ਹਨ।
ਅੱਜ ਦੇ ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਅਤੇ ਜਗਤਾਰ ਸਿੰਘ ਕਾਲਾਝਾੜ ਸਮੇਤ ਔਰਤ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਰਮਨਦੀਪ ਕੌਰ ਫਾਜ਼ਿਲਕਾ ਅਤੇ ਦਵਿੰਦਰ ਕੌਰ ਰੰਧਾਵਾ ਕਲੋਨੀ ਤੋਂ ਇਲਾਵਾ ਜ਼ਿਲ੍ਹਾ/ਬਲਾਕ/ਪਿੰਡ ਪੱਧਰੇ ਆਗੂ ਸ਼ਾਮਲ ਸਨ। ਇਸ ਤੋਂ ਇਲਾਵਾ ਪੁਤਲਾ ਫੂਕ ਪ੍ਰਦਰਸ਼ਨਾਂ ਵਿੱਚ ਹਮਾਇਤ ਵਜੋਂ ਸ਼ਾਮਿਲ ਡੀ ਟੀ ਐੱਫ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮ, ਬਿਜਲੀ ਕਾਮੇ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਪੰਜਾਬ ਵਿੱਚ ਥਾਂ ਥਾਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਚੋਟੀ ਦੀਆਂ ਪਹਿਲਵਾਨ ਖਿਡਾਰਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਖਿਡਾਰਨਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਖਿੰਡਾਉਣ ਲਈ ਉਨ੍ਹਾਂ ਉੱਪਰ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧਰਨਾਕਾਰੀ ਖਿਡਾਰਨਾਂ ਅਤੇ ਹੋਰ ਲੋਕਾਂ ਉੱਤੇ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਦਾ ਚੁੱਕਿਆ ਗਿਆ ਟੈਂਟ ਅਤੇ ਹੋਰ ਸਾਮਾਨ ਤੁਰੰਤ ਵਾਪਸ ਕੀਤਾ ਜਾਵੇ। ਜੰਤਰ ਮੰਤਰ ਵਿੱਚ ਸ਼ਾਂਤਮਈ ਜਨਤਕ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਬਹਾਲ ਕੀਤਾ ਜਾਵੇ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਦੋਗਲੀ ਤਾਨਾਸ਼ਾਹ ਨੀਤੀ ਤਹਿਤ ਹੀ 28 ਮਈ ਨੂੰ ਦੇਸ਼ ਦੀ ਸ਼ਾਨ ਇਨ੍ਹਾਂ ਕੁੜੀਆਂ ਨੂੰ ਪੁਲਸੀ ਬੂਟਾਂ ਥੱਲੇ ਮਿੱਧ ਕੇ ਅਣਮਨੁੱਖੀ ਪੁਲਸ ਤਸ਼ੱਦਦ ਢਾਹਿਆ ਗਿਆ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇੱਕ ਪਾਸੇ ਤਾਂ ਬਾਕਾਇਦਾ ਮੁੱਢਲੀਆਂ ਪੁਲਸ ਰਿਪੋਰਟਾਂ ਵਿੱਚ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਦੀ ਪੁੱਛ ਪੜਤਾਲ ਵੀ ਨਹੀਂ ਕੀਤੀ ਜਾ ਰਹੀ ਤੇ ਦੂਜੇ ਪਾਸੇ ਉੱਘੀ ਬੁੱਧੀਜੀਵੀ ਨਵਸ਼ਰਨ ਸਮੇਤ ਚਾਰ ਔਰਤਾਂ ਨੂੰ ਸਰਕਾਰੀ ਏਜੰਸੀ ਈ ਡੀ ਵੱਲੋਂ ਬਿਨਾਂ ਵਜ੍ਹਾ ਪੁੱਛ ਪੜਤਾਲ ਦੇ ਬਹਾਨੇ ਘੰਟਿਆਂ ਬੱਧੀ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਝੂਠੇ ਕੇਸ ਬਣਾ ਕੇ ਜੇਲ੍ਹੀਂ ਡੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਬੁਲਾਰਿਆਂ ਨੇ ਦੱਸਿਆ ਕਿ ਦੋਸ਼ੀ ਬ੍ਰਿਜ ਭੂਸ਼ਨ ਵੱਲੋਂ ਅੱਜ ਆਵਦੇ ਹੱਕ ਵਿੱਚ ਅਯੁੱਧਿਆ ਵਿਖੇ ਦੇਸ਼ ਭਰ ਦੇ ਸਾਧਾਂ ਮਹੰਤਾਂ ਦਾ ਜਿਹੜਾ ਭਾਰੀ ਇਕੱਠ ਸੱਦਿਆ ਗਿਆ ਸੀ ਉਹ ਦੇਸ਼ ਭਰ ਦੇ ਇਨਸਾਫਪਸੰਦ ਤੇ ਜੁਝਾਰੂ ਲੋਕਾਂ ਦੇ ਜਨਤਕ ਦਬਾਅ ਕਾਰਨ ਉਸਨੂੰ ਰੱਦ ਕਰਨਾ ਪਿਆ ਹੈ। ਇਸ ਸ਼ਰਮਨਾਕ ਕਰਤੂਤ ਦਾ ਭਾਂਡਾ ਚੁਰਾਹੇ ਭੰਨਣ ਲਈ ਅੱਜ ਦੇਸ਼ ਭਰ ਵਿੱਚ ਸੈਂਕੜੇ ਥਾਂਵਾਂ ‘ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸਰਕਾਰੀ ਜਬਰ ਜ਼ੁਲਮ ਵਿਰੁੱਧ ਪੀੜਤ ਕੁੜੀਆਂ ਵੱਲੋਂ ਆਪਣਾ ਹੱਕੀ ਰੋਸ ਜ਼ਾਹਰ ਕਰਨ ਦਾ ਜਮਹੂਰੀ ਹੱਕ ਬਹਾਲ ਕਰਵਾਉਣ ਅਤੇ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਸਮੇਤ ਉਕਤ ਮੰਗਾਂ ਮੰਨਵਾਉਣ ਖਾਤਰ ਪਹਿਲਵਾਨ ਕੁੜੀਆਂ ਵੱਲੋਂ ਉਲੀਕੇ ਜਾਣ ਵਾਲੇ ਅਗਲੇ ਸੰਘਰਸ਼ ਪ੍ਰੋਗਰਾਮ ਦੀ ਵੀ ਡਟਵੀਂ ਹਿਮਾਇਤ ਕੀਤੀ ਜਾਵੇਗੀ, ਜੋ ਅੰਤਿਮ ਜਿੱਤ ਤੱਕ ਜਾਰੀ ਰੱਖੀ ਜਾਵੇਗੀ।