ਕੁਲਤਾਰ ਸਿੰਘ ਸੰਧਵਾਂ ਵੱਲੋਂ ਸਥਾਨਕ ਸਰਕਾਰਾਂ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ

0
118

ਕੋਟਕਪੂਰਾ ਦੇ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਅਤੇ ਸਮੇਂ ਸਿਰ ਸਫ਼ਾਈ ਕਰਨੀ ਯਕੀਨੀ ਬਣਾਉਣ ਲਈ ਕਿਹਾ

ਚੰਡੀਗੜ, 25 ਜੁਲਾਈ:

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ, ਜ਼ਿਲ੍ਹਾ ਫ਼ਰੀਦਕੋਟ ਵਿਖੇ ਪੁਰਾਣੇ ਸੀਵਰੇਜ਼ ਸਿਸਟਮ ਦੇ ਰੱਖ-ਰਖਾਅ ਅਤੇ ਸ਼ਹਿਰ ਵਿੱਚ ਸਫ਼ਾਈ ਆਦਿ ਸਬੰਧੀ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਸੁਯੋਗ ਨਿਪਟਾਰੇ ਲਈ ਸਥਾਨਕ ਸਰਕਾਰਾਂ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ, ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਸ. ਸੰਧਵਾਂ ਨੇ ਸਬੰਧਤ ਅਧਿਕਾਰੀਆਂ ਨਾਲ ਕੋਟਕਪੂਰਾ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ‘ਚ ਵਿਚਾਰ-ਵਟਾਂਦਰਾ ਕੀਤਾ ਅਤੇ ਕੋਟਕਪੂਰਾ ਦੇ ਸੀਵਰੇਜ਼ ਸਿਸਟਮ ਦੀ ਰੱਖ-ਰਖਾਅ ਅਤੇ ਸਫ਼ਾਈ ਆਦਿ ਦੇ ਸਮੁੱਚੇ ਕਾਰਜ ਸਮੇਂ ਸਿਰ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਗੁਜਰਾਤ ਗੈਸ ਪਾਈਪ ਕੰਪਨੀ ਦੇ ਅਧਿਕਾਰੀਆਂ ਨੂੰ ਕੋਟਕਪੂਰਾ ਸ਼ਹਿਰ ਵਿਚਲੀਆਂ ਸੜਕਾਂ ਤੇ ਗਲੀਆਂ ਦੇ ਪਾਈਪ ਪਾਉਣ ਮਗਰੋਂ ਸਮਝੌਤੇ ਤਹਿਤ ਖੱਡਿਆਂ ਆਦਿ ਨੂੰ ਭਰਨਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਨਵੇਂ ਥਾਂ ‘ਤੇ ਕਾਰਜ ਉਦੋਂ ਹੀ ਸ਼ੁਰੂ ਕੀਤੇ ਜਾਣ ਜਦੋਂ ਪਹਿਲਾਂ ਜਾਰੀ ਕਾਰਜ ਸਹੀ ਢੰਗ ਨਾਲ ਮੁਕੰਮਲ ਕਰ ਲਏ ਜਾਣ।

ਸ. ਸੰਧਵਾਂ ਨੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਕੋਟਕਪੂਰਾ ਸ਼ਹਿਰ ਦੀ ਸਫ਼ਾਈ ਆਦਿ ਦੇ ਕੰਮ ਸਹੀ ਢੰਗ ਨਾਲ ਨਾ ਕਰਨ ਵਾਲੀ ਪ੍ਰਾਈਵੇਟ ਕੰਪਨੀ ਵਿਰੁੱਧ ਬਣਦਾ ਸਖ਼ਤ ਐਕਸ਼ਨ ਲੈਣ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਕੀਤੇ ਅਗਾਂਊਂ ਸਮਝੌਤੇ ਅਨੁਸਾਰ ਤੈਅ ਸੇਵਾਵਾਂ ਦੇਣ ਤੋਂ ਨਹੀਂ ਭੱਜ ਸਕਦੀਆਂ।

ਸ. ਸੰਧਵਾਂ ਨੇ ਕੋਟਕਪੂਰਾ ਵਾਸੀਆਂ ਨੂੰ ਸਫ਼ਾਈ ਅਭਿਆਨ ‘ਚ ਹਿੱਸਾ ਪਾਉਣ ਲਈ ਜਾਗਰੂਕ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਇਸ ਸਬੰਧੀ ਇੱਕ ਮੋਟੀਵੇਸ਼ਨ ਕੰਪੇਨ ਚਲਾਈ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪੌਲੀਥੀਨ ਤੇ ਹੋਰ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਸਬੰਧੀ ਜਾਗਰੂਕ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਪੋ-ਆਪਣੇ ਘਰਾਂ ਦੇ ਬਾਹਰ ਸੀਵਰੇਜ਼ ਪਾਈਪ ‘ਚ ਜਾਲੀ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੌਲੀਥੀਨ ਤੇ ਹੋਰ ਠੋਸ ਰਹਿੰਦ-ਖੂੰਹਦ ਸੀਵਰੇਜ਼ ਪਾਈਪ ‘ਚ ਨਾ ਜਾ ਸਕੇ।

ਇਸ ਮੌਕੇ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਡਾ. ਸਨੀ ਆਹਲੂਵਾਲੀਆ, ਸੀ.ਈ.ਓ. ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਸ. ਮਾਲਵਿੰਦਰ ਸਿੰਘ ਜੱਗੀ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਫਰੀਦਕੋਟ ਜਯੋਤੀ ਬਾਲਾ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ, ਸਕੱਤਰ ਰੈਡ ਕਰਾਸ ਫਰੀਦਕੋਟ ਮਨਦੀਪ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਕੋਟਰਪੂਰਾ ਰਵੀ ਕੁਮਾਰ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸੁਰਿੰਦਰ ਸਿੰਘ ਮੋਤੀ ਤੋਂ ਇਲਾਵਾ ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here