ਅੰਮ੍ਰਿਤਸਰ 6 ਅਗਸਤ -ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤਕ ਪਹੁੰਚਾਉਣ ਲਈ ਨੌਜਵਾਨ ਵਰਗ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਅਪਾਹਜ ਵਿਅਕਤੀਆਂ ਦੇ ਵਿਭਾਗ ਅਧੀਨ ਅੰਡਰਟੇਕਿੰਗ ਕੰਪਨੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ ਆਫ ਇੰਡੀਆ ਸਹਾਇਕ ਉਤਪਾਦ ਕੇਂਦਰ ( ਅਲੀਮਕੋ) ਵੱਲੋਂ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਟਾਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਫ੍ਰੀ ਬਨਾਵਟੀ ਅੰਗ ਅਤੇ ਸਹਾਇਕ ਉਪਕਰਨ ਉਪਲਬਧ ਕਰਵਾਉਣ ਸੰਬੰਧੀ ਲਾਏ ਗਏ ਕੈਂਪ ਵਿਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੋਣ ਤੋਂ ਇਲਾਵਾ ਭਾਰਤ ਸੰਵਿਧਾਨਕ ਤੌਰ ’ਤੇ ਇਕ ਕਲਿਆਣਕਾਰੀ ਰਾਜ ( ਵੈੱਲਫੇਅਰ ਸਟੇਟ) ਹੈ। ਜਿੱਥੇ ਨਾਗਰਿਕਾਂ ਨੂੰ ਬਰਾਬਰ ਦੇ ਮੌਕੇ, ਆਰਥਿਕ ਅਤੇ ਸਮਾਜਿਕ ਭਲਾਈ, ਰਾਜਨੀਤਿਕ ਨਿਆਂ ਦੀ ਰਾਖੀ ਕਰਦੇ ਹੋਏ ਚੰਗੇ ਜੀਵਨ ਲਈ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਲੋਕ ਭਲਾਈ ਅਤੇ ਵਿਕਾਸ ਅਧਾਰਿਤ ਏਜੰਡਾ ਲਾਗੂ ਕਰਦਿਆਂ ਫੁੱਟ ਪਾਊ ਰਾਜਨੀਤੀ ਨੂੰ ਠੱਲ੍ਹ ਪਾਈ ਗਈ ਹੈ। ਪੰਜਾਬ ਦਾ ਨੁਹਾਰ ਬਦਲਣ ਲਈ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇ ਰਹੀ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜ-ਸਾਲਾ ਯੋਜਨਾਵਾਂ ਅਤੇ ਪ੍ਰਗਤੀਸ਼ੀਲ ਨਿਯਮਾਂ ਰਾਹੀਂ ਸਮਾਜਿਕ ਸੁਰੱਖਿਆ ਅਤੇ ਹੋਰ ਕਲਿਆਣਕਾਰੀ ਉਪਾਅ ਕਰਕੇ ਇੱਕ ਵਿਆਪਕ ਸਮਾਜ ਭਲਾਈ ਢਾਂਚੇ ਦੀ ਸਥਾਪਨਾ ਕਰਦਿਆਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਸ਼੍ਰੇਣੀਆਂ, ਪਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਇਸਤਰੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ, ਬੱਚਿਆਂ ਦੇ ਪੋਸ਼ਣ ਅਤੇ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕਣ ਤੋਂ ਇਲਾਵਾ ਵਿਧਵਾਵਾਂ, ਬੁਢਾਪਾ ਅਤੇ ਬਿਮਾਰਾਂ ਆਦਿ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਉਖਾੜਨ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਜ਼ੀਰੋ ਟਾਲਰੈਸ ਦੀ ਨੀਤੀ ਅਪਣਾਈ ਜਾ ਰਹੀ ਹੈ। ਨਸ਼ਿਆਂ ’ਚ ਗ੍ਰਸਤ ਨੌਜਵਾਨਾਂ ਦੀ ਕੌਂਸਲਿੰਗ ਪ੍ਰੋਗਰਾਮ ਤੋਂ ਇਲਾਵਾ ਇਲਾਜ ਅਤੇ ਦਵਾਈਆਂ ਦੀ ਸਪਲਾਈ ’ਚ ਕੋਈ ਟਿੱਲ ਨਹੀਂ ਆਉਣ ਦਿੱਤੀ ਜਾ ਰਹੀ। ਰਾਸ਼ਟਰਮੰਡਲ ਖੇਡਾਂ ’ਚ ਭਾਰਤ ਨੂੰ ਮਿਲ ਰਹੀ ਕਾਮਯਾਬੀ ’ਤੇ ਤਸੱਲੀ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਆਉਣ ਵਾਲੇ ਸਾਲਾਂ ਲਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਉੱਤਮਤਾ ਹਾਸਲ ਕਰਨ ਲਈ ਖਿਡਾਰੀਆਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ, ਸਿਖਲਾਈ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਅਲੀਮਕੋ ਦੇ ਅਧਿਕਾਰੀਆਂ ਅਨੁਸਾਰ ਅਟਾਰੀ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਕੇਂਦਰ ਸਰਕਾਰ ਦੀਆਂ ਸਕੀਮਾਂ ਅਧੀਨ ਅਪਾਹਜਾਂ ਅਤੇ ਬਜ਼ੁਰਗਾਂ ਨੂੰ ਮੁਫ਼ਤ ਵਿੱਚ ਸਹਾਇਤਾ ਅਤੇ ਉਪਕਰਨ ਵੰਡਣ ਲਈ ਪਹਿਲੇ ਪੜਾਅ ’ਚ 12 ਮੁਲਾਂਕਣ ਕੈਂਪ ਲਗਾਏ ਗਏ, ਜਿਸ ਵਿਚ ਲਾਭਪਾਤਰੀਆਂ ਲਈ ਲੋੜੀਂਦੇ ਵੀਲ ਚੇਅਰ, ਬਨਾਉਟੀ ਅੰਗ, ਕੰਨਾਂ ਦੀਆਂ ਮਸ਼ੀਨਾਂ, ਆਦਿ 26 ਸੌ ਦੇ ਕਰੀਬ ਢੁਕਵੇਂ ਸਹਾਇਕ ਯੰਤਰਾਂ ਦੀ ਲੋੜ ਦਾ ਮੁਲਾਂਕਣ ਕੀਤਾ ਗਿਆ। ਜਿਨ੍ਹਾਂ ਨੂੰ ਦੋ ਮਹੀਨਿਆਂ ਦੇ ਅੰਦਰ ਆਯੋਜਿਤ ਕੀਤੇ ਜਾਣ ਵਾਲੇ ਵੰਡ ਕੈਂਪਾਂ ਰਾਹੀਂ ਵੰਡਿਆ ਜਾਵੇਗਾ। ਇਸ ਮੌਕੇ ਸ: ਧਰਮਿੰਦਰ ਸਿੰਘ ਗਿੱਲ, ਗੁਰਸ਼ਰਨ ਸਿੰਘ ਬਟਾਲਾ ਅਤੇ ਸੁਖਰਾਜ ਸਿੰਘ ਵੱਲੋਂ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ, ਮੁੜ ਵਸੇਬਾ ਅਤੇ ਬੰਦੋਬਸਤ ਸੰਗਠਨ (ਰਾਸੋ) ਦੇ ਚੇਅਰਪਰਸਨ ਸ਼੍ਰੀਮਤੀ ਕਮਲਜੀਤ ਕੌਰ, ਕੁਲਦੀਪ ਕੌਰ ਸੀ ਡੀ ਪੀ ਓ ਅਟਾਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੀ. ਓ. ਜੀ. ਟੀਮ ਦੇ ਸੁਪਰਵਾਈਜ਼ਰ ਕੈਪਟਨ ਵਿਜੇ ਕੁਮਾਰ, ਕਰਨਲ ਸਰਬਰਿੰਦਰ ਸਿੰਘ ਸੰਧੂ, ਕਰਨਲ ਗੱਜਣ ਸਿੰਘ ਬਾਜਵਾ, ਕੈਪਟਨ ਵਿਜੇ ਕੁਮਾਰ, ਕੈਪਟਨ ਹਰਪਾਲ ਸਿੰਘ, ਕੈਪਟਨ ਨਿਰਵੈਰ ਸਿੰਘ, ਸਰਪੰਚ ਮਨਜੀਤ ਸਿੰਘ ਅਟਾਰੀ, ਸੁਪਰਵਾਈਜ਼ਰ ਕੰਵਲਜੀਤ ਕੌਰ, ਮੈਡਮ ਗੁਰਸ਼ਰਨ ਕੌਰ ਬਾਸਰਕੇ, ਮੈਡਮ ਪਲਵਿੰਦਰ ਕੌਰ ਕਾਉਂਕੇ, ਸਕੂਲ ਸਟਾਫ ਅਤੇ ਅਲੀਮਕੋ ਟੀਮ ਦੇ ਨੁਮਾਇੰਦੇ ਮੌਜੂਦ ਸਨ ।
Boota Singh Basi
President & Chief Editor