ਕੇਂਦਰ ਸਰਕਾਰ ਦੀ ਢਿੱਲ ਕਾਰਨ ਨਹੀਂ ਹੋ ਰਹੀ ਝੋਨੇ ਦੀ ਚੁਕਾਈ : ਡਾ. ਰਵਜੋਤ ਸਿੰਘ

0
65

ਕੇਂਦਰ ਸਰਕਾਰ ਦੀ ਢਿੱਲ ਕਾਰਨ ਨਹੀਂ ਹੋ ਰਹੀ ਝੋਨੇ ਦੀ ਚੁਕਾਈ : ਡਾ. ਰਵਜੋਤ ਸਿੰਘ

ਚੰਡੀਗੜ੍ਹ/ਨਵਾਂਸ਼ਹਿਰ, 22 ਅਕਤੂਬਰ :

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਨਾ ਹੋਣ ਲਈ ਕੇਂਦਰ ਸਰਕਾਰ ਦੀ ਢਿੱਲ ਨੂੰ ਜਿੰਮੇਵਾਰ ਠਹਿਰਾਇਆ ਹੈ। ਅੱਜ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਮਾਪੇ- ਅਧਿਆਪਕ ਮਿਲਣੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਨੇ ਪੱਤਰਕਾਰਾਂ ਵੱਲੋਂ ਮੰਡੀਆਂ ਵਿਚੋਂ ਝੋਨੇ ਦੀ ਚੁਕਾਈ ਨਾ ਹੋਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੋਈ ਕਮੀ-ਪੇਸ਼ੀ ਨਹੀਂ ਹੈ ਅਤੇ ਅੱਜ ਮੁੱਖ ਮੰਤਰੀ ਸਮੇਤ ਸੂਬੇ ਦੀ ਸਮੁੱਚੀ ਵਜ਼ਾਰਤ ਮੰਡੀਆਂ ਵਿਚ ਗਰਾਊਂਡ ‘ਤੇ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਢਿੱਲ ਕਾਰਨ ਹੀ ਇਹ ਸਭ ਕੁਝ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ
ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੀ ਕਿਸਾਨੀ ਅਤੇ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਦੀ ਗੱਲ ਤਾਂ ਦੂਰ, ਹੁਣ ਉਹ ਜਾਣਬੁੱਝ ਕੇ ਮਿੱਥੇ ਸਮੇਂ ‘ਤੇ ਫ਼ਸਲ ਨੂੰ ਨਹੀਂ ਚੁੱਕ ਰਹੇ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਨੂੰ ਲਗਾਤਾਰ ਪੱਤਰ ਲਿਖੇ, ਮੁੱਖ ਮੰਤਰੀ ਖ਼ੁਦ ਉਨ੍ਹਾਂ ਨੂੰ ਮਿਲਣ ਗਏ ਪਰ ਇਸ ਦੇ ਬਾਵਜੂਦ ਉਹ ਆਪਣੀ ਫੋਕੀ ਰਾਜਨੀਤੀ ਕਰਨ ਲਈ ਪੰਜਾਬ ਦੇ ਗੋਦਾਮ ਖਾਲੀ ਨਹੀਂ ਕਰ ਰਹੇ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲਿਫਟਿੰਗ ਦਾ ਇਹ ਮਸਲਾ ਛੇਤੀ ਤੋਂ ਛੇਤੀ ਸੁਲਝਾਇਆ ਜਾਵੇ।

LEAVE A REPLY

Please enter your comment!
Please enter your name here