ਚੰਡੀਗੜ੍ਹ,
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵੱਲੋਂ ਪਿੱਛਲੇ ਦਿਨੀਂ ਮੋਦੀ ਸਰਕਾਰ ਵੱਲੋਂ ਕਣਕ ਦੇ ਭਾਅ ਨੂੰ ਨਕਾਰਦਿਆਂ ਕਿਹਾ ਕਿ ਮੋਦੀ ਸਰਕਾਰ ਡਾ. ਸਵਾਮੀਨਾਥਨ ਦੀਆਂ ਐੱਮ.ਐੱਸ.ਪੀ. ਸੰਬੰਧੀ ਸਿਫਾਰਸ਼ਾਂ ਨੂੰ ਅਣਗੌਲਿਆ ਕਰ ਦੇਸ਼ ਦੀ ਕਿਸਾਨੀ ਨਾਲ ਧ੍ਰੋਹ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਾਂਕਿ ਡਾ. ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਦਾ ਖਰਚ (C2) 2051/- ਦੱਸਿਆ ਜਿਸ ਅਨੁਸਾਰ C2+50% ਤਹਿਤ ਕਣਕ ਦਾ ਐਮ.ਐਸ.ਪੀ. 3077 ਰੁਪਏ ਬਣਦਾ ਪਰ ਦਿੱਤਾ 2275 ਰੁਪਏ ਹੈ ਜਿਸ ਨਾਲ ਪੰਜਾਬ ਦੀ ਕਿਸਾਨੀ ਨੂੰ 802 ਪ੍ਰਤੀ ਕੁਇੰਟਲ ਘਾਟਾ ਪੈ ਰਿਹਾ ਹੈ। ਪੰਜਾਬ ਵਿੱਚ ਕੁੱਲ 35 ਲੱਖ ਹੈਕਟੇਅਰ ਤੇ ਕਣਕ ਦੀ ਬਿਜਾਈ ਹੁੰਦੀ ਤੇ ਸੂਬੇ ਵਿੱਚ ਔਸਤ ਝਾੜ 48 ਕੁਇੰਟਲ ਪ੍ਰਤੀ ਹੈਕਟੇਅਰ ਨਿਕਲਦਾ ਜਿਸ ਹਿਸਾਬ ਨਾਲ ਪ੍ਰਤੀ ਹੈਕਟੇਅਰ ਕਿਸਾਨ ਨੂੰ 38,496 ਦਾ ਘਾਟਾ ਪੈਂਦਾ ਅਤੇ ਪੂਰੇ ਪੰਜਾਬ ਦੀ ਕਿਸਾਨੀ ਨੂੰ ਕੁੱਲ ਬਿਜਾਈ ਦੇ ਹਿਸਾਬ ਨਾਲ 13500 ਕਰੋੜ ਦਾ ਘਾਟਾ ਝੱਲਣਾ ਪੈ ਰਿਹਾ ਜਿਸਨੂੰ ਜੱਥੇਬੰਦੀ ਕਦੇ ਬਰਦਾਸ਼ਤ ਨਹੀਂ ਕਰੇਗੀ।
ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ 26, 27 ਅਤੇ 28 ਨਵੰਬਰ ਨੂੰ ਤਿਨ ਰੋਜ਼ਾ ਧਰਨੇ ਸਾਰੇ ਦੇਸ਼ ਅੰਦਰ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਵੱਡੀ ਪੱਧਰ ਤੇ ਧਰਨੇ ਦਿੱਤੇ ਜਾਣਗੇ, ਜਿਹੜੇ ਕਿ ਕੇਂਦਰ ਸਰਕਾਰ ਵਿਰੁੱਧ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਸਾਰੇ ਸੰਘਰਸ਼ਾਂ ਦੌਰਾਨ ਕਿਸਾਨਾਂ ਖਿਲਾਫ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਲਖਮੀਰ ਖੀਰੀ ਕਤਲੇਆਮ ਦੇ ਸਾਜ਼ਿਸ਼ ਕਰਤਾ ਕੇਂਦਰੀ ਮੰਤਰੀ ਮਿਸ਼ਰਾ ਨੂੰ ਮੰਤਰੀ ਦੇ ਅਹੁਦੇਦਾਰਾਂ ਤੋਂ ਬਰਤਰਫ਼ ਕੀਤਾ ਜਾਵੇ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਮੰਗ ਕੀਤੀ ਕਿ ਸਵਾਮੀ ਨਾਥਨ ਦੇ ਵਿਛੋੜੇ ਬਾਅਦ ਤਾਂ ਉਸ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਫਸਲਾਂ ਦੀਆਂ ਲਾਗਤਾਂ ਕੀਮਤਾਂ ਨਿਯਮਤ ਕੀਤੀਆਂ ਜਾਇਆਂ ਕਰਨ।
ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਲੋਕਤੰਤਰ ਦੇ ਚੋਥੇ ਥੰਬ ਵਜੋਂ ਜਾਣੇ ਜਾਂਦੇ ਮੀਡੀਆ ਤੇ ਮੋਦੀ ਸਰਕਾਰ ਵੱਲੋ ਹਮਲਾ ਕਰਨਾ ਬਹੁਤ ਹੀ ਘਨੌਣੀ ਕਰਵਾਈ ਹੈ ਸੰਯੁਕਤ ਮੋਰਚਾ ਦੇ ਫੈਸਲੇ ਅਨੁਸਾਰ ਨਿਊਜ਼ ਕਲਿੱਕ ਦੇ ਪੱਤਰਕਾਰਾਂ ਨੂੰ ਝੂਠੀ ਸਾਜਿਸ਼ ਤਹਿਤ ਫਸਾਉਣ ਖਿਲਾਫ ਭਾਰਤ ਪੱਧਰ ਤੇ 1 ਨਵੰਬਰ ਤੋਂ 5 ਨਵੰਬਰ ਤੱਕ ਪਿੰਡ ਪਿੰਡ ਰੋਸ਼ ਲਹਿਰ ਚਲਾਈ ਜਾਵੇਗੀ ਜਿਸ ਦੀ ਲੜੀ ਤਹਿਤ 6 ਨਵੰਬਰ ਨੂੰ ਤਹਿਸੀਲ ਅਤੇ ਡੀ.ਸੀ. ਦਫ਼ਤਰਾਂ ਅੱਗੇ ਰੋਸ਼ ਪ੍ਰਦਰਸ਼ਨ ਕਰ ਐੱਫ.ਆਈ.ਆਰ. ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਇੱਥੇ ਦੱਸਣਯੋਗ ਹੈ ਕਿ ਨਿਊਜ਼ ਕਲਿੱਕ ਓਹ ਮੀਡੀਆ ਅਧਾਰਾ ਹੈ ਜਿਸ ਨੇ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਇਤਿਹਾਸਕ ਕਿਸਾਨੀ ਅੰਦੋਲਨ ਦੀ ਗੂੰਜ ਪੂਰੀ ਦੁਨੀਆਂ ਤੱਕ ਪਹੁੰਚਦੀ ਕੀਤੀ ਸੀ।