ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਦਾ ਫੈਸਲਾ
ਲੌਂਗੋਵਾਲ, 30 ਅਗਸਤ, 2023: ਅੱਜ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਅਤੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਲੌਂਗੋਵਾਲ ਵਿਖੇ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 11 ਤੋਂ 13 ਸਤੰਬਰ ਤੱਕ ਐੱਮ ਐੱਲ ਏ ਦਫਤਰਾਂ ਅੱਗੇ ਮੋਰਚਾ ਲਾਉਣ ਅਤੇ ਨਹਿਰੀ ਪਾਣੀ ਤੋਂ ਵਾਂਝੇ ਹਲਕਾ ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਮਹਿਲਕਲਾਂ ਦੇ ਦਰਜਨਾਂ ਪਿੰਡਾਂ ਲਈ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ 20 ਸਤੰਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਧੂਰੀ ਅੱਗੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲਾਏ ਜਾ ਰਹੇ ਪੱਕੇ ਮੋਰਚੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ। ਇਸੇ ਦਿਨ ਸੂਬਾ ਕਮੇਟੀ ਦੇ ਸੱਦੇ ਤੇ ਪੰਜਾਬ ਦੀ ਰਾਜਨੀਤੀ ਅਤੇ ਆਰਥਿਕਤਾ ਨਾਲ ਜੁੜੇ ਮੁੱਦੇ ਭਾਰਤ ਪਾਕਿਸਤਾਨ ਵਪਾਰ ਵਾਹਗਾ ਅਤੇ ਹੁਸੈਨੀਵਾਲਾ ਬਾਰਡਰ ਰਾਹੀਂ ਖੋਲਣ ਦੇ ਮੁੱਦੇ ਤੇ ਵੀ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ ਨੇ ਦੱਸਿਆ ਕਿ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕ ਪਿਛਲੇ ਇੱਕ ਸਾਲ ਤੋਂ ਨਹਿਰੀ ਪਾਣੀ ਦੀ ਮੰਗ ਨੂੰ ਲੈਕੇ ਸੰਘਰਸ ਕਰ ਰਹੇ ਹਨ ਪਰ ਸਰਕਾਰ ਨੇ ਲਾਰੇ ਲੱਪੇ ਤੋਂ ਬਿਨਾਂ ਕੁੱਝ ਨਹੀਂ ਕੀਤਾ ਮੁੱਖ ਮੰਤਰੀ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਤੱਕ ਨਹੀਂ ਕੀਤੀ ਜਿਸ ਕਾਰਨ ਲੋਕਾਂ ਵਿੱਚ ਰੋਸ ਹੈ। ਸੰਗਰੂਰ ਜ਼ਿਲ੍ਹੇ ਦੇ ਬਾਕੀ ਪਿੰਡਾਂ ਨੂੰ ਪਾਣੀ ਦੇਣ ਲਈ ਬਣਿਆ ਸ਼ੇਰੋਂ ਰਜਵਾਹਾ ਅਜੇ ਵੀ ਮੁੱਢ ਤੋਂ ਕੱਚਾ ਹੈ ਅਤੇ ਇਸੇ ਤਰ੍ਹਾਂ ਲੌਂਗੋਵਾਲ ਮਾਇਨਰ ਦੀ ਵੀ ਰੀਲਾਈਨਿੰਗ ਨਹੀਂ ਕੀਤੀ ਗਈ ਜਿਸ ਕਾਰਨ ਕਿਸਾਨਾਂ ਨੂੰ ਪੂਰਾ ਪਾਣੀ ਨਹੀਂ ਮਿਲਦਾ ।ਇਸੇ ਤਰ੍ਹਾਂ ਢੱਡਰੀਆਂ ਇਲਾਕੇ ਦੇ ਪਿੰਡਾਂ ਅਤੇ ਲਾਡਵਣਜਾਰਾ ਮਾਈਨਰ ਤੇ ਪੈਂਦੇ ਲਹਿਰਾ ਇਲਾਕੇ ਦੇ ਪਿੰਡਾਂ ਨੂੰ ਪਾਣੀ ਦੇਣ ਲਈ ਸੇਮ ਤੋਂ ਪਹਿਲਾਂ ਦੀ ਮਾਤਰਾ ਬਹਾਲ ਕਰਨ ਲਈ ਮੋਘਿਆਂ ਦੇ ਸਾਈਜ਼ ਵੱਡੇ ਕਰਨ ਅਤੇ ਅਧੂਰੇ ਪਏ ਖਾਲੇ ਪੂਰੇ ਕਰਨ ਦੀ ਵੀ ਮੰਗ ਕੀਤੀ ਜਾਵੇਗੀ। ਜੇਕਰ ਮੁੱਖ ਮੰਤਰੀ ਇਸ ਮਸਲੇ ਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਕੋਈ ਠੋਸ ਹੱਲ ਨਹੀਂ ਕੱਢਦਾ ਤਾਂ ਇਹ ਮੋਰਚਾ ਲੰਬਾ ਚੱਲੇਗਾ। ਦਿੱਲੀ ਮੋਰਚੇ ਦੀ ਤਰਾਂ ਟ੍ਰੈਕਟਰ ਟਰਾਲੀਆਂ, ਤਿਆਰ ਕਰਕੇ ਅਤੇ ਰਾਸ਼ਨ ਪਾਣੀ ਦਾ ਪ੍ਰਬੰਧ ਕਰਕੇ ਮੋਰਚਾ ਲਾਇਆ ਜਾਵੇਗਾ। ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੇ ਜਾ ਰਹੇ 6800 ਰੁਪਏ ਪ੍ਰਤੀ ਏਕੜ ਮੁਆਵਜ਼ੇ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਨਿਗੁਣਾ ਦੱਸਦਿਆਂ ਮੋਰਚਾ ਲਾਉਣ ਦੇ ਦਿੱਤੇ ਸੱਦੇ ਨੂੰ ਵੀ ਲੌਂਗੋਵਾਲ ਇਲਾਕੇ ਦੇ ਪਿੰਡਾਂ ਵੱਲੋਂ ਜੋਰ ਸ਼ੋਰ ਨਾਲ ਲਾਗੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਲੈਕੇ ਮੋਰਚੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਵਰਕਰ ਸ਼ਾਮਲ ਹੋਣਗੇ।
ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਾਹੋਕੇ, ਬਲਾਕ ਦੇ ਸਕੱਤਰ ਮਲਕੀਤ ਸਿੰਘ, ਵਿੱਤ ਸਕੱਤਰ ਬਲਵਿੰਦਰ ਸਿੰਘ ਸਾਹੋਕੇ, ਕਰਮ ਸਿੰਘ ਜੈਦ, ਰਾਜਾ ਸਿੰਘ, ਹਰਦੇਵ ਸਿੰਘ ਦੁੱਲਟ, ਹਰਜਿੰਦਰ ਸਿੰਘ ਅਤੇ ਸੁਲਤਾਨ ਸਿੰਘ ਰੱਤੋਕੇ, ਭੋਲਾ ਸਿੰਘ ਪਨਾਂਚ, ਨਿੱਕਾ ਸਿੰਘ, ਬਲਵਿੰਦਰ ਸਿੰਘ ਅਤੇ ਜੋਗਾ ਸਿੰਘ ਢੱਡਰੀਆਂ, ਹਾਕਮ ਸਿੰਘ, ਜੀਵਨ ਸਿੰਘ ਸਤੀਪੁਰਾ ਅਤੇ ਦਰਸ਼ਨ ਸਿੰਘ ਵੀ ਹਾਜ਼ਰ ਸਨ।