ਨਵੀਂ ਦਿੱਲੀ (ਸਾਂਝੀ ਸੋਚ ਬਿਊਰੋ) -ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੰਘੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਅੱਗੇ ਦਿੱਲੀ ਦੇ ਗੈਸਟ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਏ। ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਸਰਕਾਰ ਦੇ ਸਿੱਖਿਆ ਮਾਡਲ ਦੀ ਆਲੋਚਨਾ ਕਰਦਿਆਂ ਇਸ ਮਾਡਲ ਨੂੰ ‘ਕੰਟਰੈਕਟ ਮਾਡਲ’ ਕਰਾਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਗੈਸਟ ਅਧਿਆਪਕਾਂ ਵੱਲੋਂ ਆਪਣੀਆਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਵਲ ਲਾਈਨਜ਼ ਸਥਿਤ ਸਰਕਾਰੀ ਰਿਹਾਇਸ਼ ਨੇੜੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ਮੂਲੀਅਤ ਕੀਤੀ। ਸ੍ਰੀ ਸਿੱਧੂ ਨੇ ਟਵੀਟ ਕੀਤਾ ਕਿ ਦਿੱਲੀ ਦਾ ਸਿੱਖਿਆ ਮਾਡਲ ‘ਕੰਟਰੈਕਟ ਮਾਡਲ’ ਹੈ ਜਿੱਥੇ 1031 ਸਰਕਾਰੀ ਸਕੂਲ ਹਨ ਤੇ ਸਿਰਫ਼ 196 ਸਕੂਲਾਂ ਵਿੱਚ ਹੀ ਪ੍ਰਿੰਸੀਪਲ ਹਨ ਅਤੇ ਸਕੂਲ 22 ਹਜ਼ਾਰ ਗੈਸਟ ਅਧਿਆਪਕਾਂ ਨਾਲ ਹੀ ਉਹ ਵੀ ਰੋਜ਼ਾਨਾ ਤਨਖ਼ਾਹਾਂ ਦੇ ਆਧਾਰ ’ਤੇ ਚਲਾਏ ਜਾ ਰਹੇ ਹਨ। ਇਨ੍ਹਾਂ ਅਧਿਆਪਕਾਂ ਨਾਲ ਕਰਾਰ 15 ਦਿਨ ਬਾਅਦ ਨਵਿਆਇਆ ਜਾਂਦਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਕੌਮੀ ਰਾਜਧਾਨੀ ‘ਚ 8 ਲੱਖ ਨਵੀਆਂ ਨੌਕਰੀਆਂ ਤੇ 20 ਨਵੇਂ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਸ੍ਰੀ ਸਿੱਧੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸਰਕਾਰ ਨੇ ਠੇਕੇ ’ਤੇ ਰੱਖੇ ਅਧਿਆਪਕਾਂ ਨੂੰ ਪੱਕੇ ਕਰਨ ਤੇ ਪੱਕੇ ਸਟਾਫ ਦੇ ਬਰਾਬਰ ਤਨਖਾਹ ਦੇਣ ਦਾ ਵਾਅਦਾ ਕੀਤਾ ਸੀ, ਪਰ ਸਿਰਫ ਗੈਸਟ ਟੀਚਰਾਂ ਨਾਲ ਇਸ ਨੂੰ ਹੋਰ ਖਰਾਬ ਕਰ ਦਿੱਤਾ। ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਅਖੌਤੀ ‘ਆਪ’ ਵਾਲੰਟੀਅਰ ਸਰਕਾਰੀ ਫੰਡਾਂ ਤੋਂ 5 ਲੱਖ ਰੁਪਏ ਸਾਲਾਨਾ ਕਮਾਉਂਦੇ ਹਨ ਜੋ ਪਹਿਲਾਂ ਸਕੂਲ ਦੇ ਵਿਕਾਸ ਲਈ ਹੁੰਦੇ ਸਨ। ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਨੇ 2015 ਦੇ ਚੋਣ ਮਨੋਰਥ ਪੱਤਰ ਵਿੱਚ ਜੋ ਨੌਕਰੀਆਂ ਦੇਣ ਤੇ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ ਉਹ ਕਿੱਥੇ ਹੈ? ਸਿੱਧੂ ਨੇ ਕਿਹਾ, ‘ਤੁਸੀਂ ਦਿੱਲੀ ਵਿੱਚ ਸਿਰਫ 440 ਨੌਕਰੀਆਂ ਦਿੱਤੀਆਂ ਹਨ। ਤੁਹਾਡੀਆਂ ਅਸਫਲ ਗਾਰੰਟੀਆਂ ਦੇ ਉਲਟ ਪਿਛਲੇ ਪੰਜ ਸਾਲਾਂ ਵਿੱਚ ਦਿੱਲੀ ਦੀ ਬੇਰੁਜ਼ਗਾਰੀ ਦਰ ਲਗਭਗ ਪੰਜ ਗੁਣਾਂ ਵਧ ਗਈ ਹੈ।’ ਸਿੱਧੂ ਨੇ ਦੋਸ਼ ਲਾਇਆ ਕਿ ਦਿੱਲੀ ਵਿੱਚ ਅਧਿਆਪਕਾਂ ਲਈ ਨੌਕਰੀਆਂ ਦੀਆਂ ਅਸਾਮੀਆਂ 2021 ਵਿੱਚ ਵਧ ਕੇ 19,907 ਹੋ ਗਈਆਂ ਸਨ, ਜੋ ਕਿ 2015 ਵਿੱਚ 12,515 ਸੀ, ਜਿਸ ਨੂੰ ‘ਆਪ’ ਸਰਕਾਰ ਗੈਸਟ ਲੈਕਚਰਾਰਾਂ ਰਾਹੀਂ ਭਰ ਰਹੀ ਸੀ। ਉਨ੍ਹਾਂ ਕਿਹਾ, ‘ਦਿੱਲੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਬੰਧੂਆ ਮਜ਼ਦੂਰਾਂ ਤੇ ਦਿਹਾੜੀਦਾਰਾਂ ਜਿਹਾ ਵਿਹਾਰ ਕੀਤਾ ਜਾਂਦਾ ਹੈ। ਰੋਜ਼ਾਨਾ ਆਧਾਰ ’ਤੇ ਭੁਗਤਾਨ ਕੀਤਾ ਜਾਂਦਾ ਹੈ, ਛੁੱਟੀਆਂ ਜਾਂ ਵੀਕ-ਐਂਡ ਲਈ ਕੋਈ ਭੁਗਤਾਨ ਨਹੀਂ, ਇਕਰਾਰਨਾਮੇ ਦੀ ਕੋਈ ਗਾਰੰਟੀ ਨਹੀਂ। ਬਿਨਾਂ ਨੋਟਿਸ ਦਿੱਤੇ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ।
Boota Singh Basi
President & Chief Editor