ਕੈਨੇਡਾ ’ਚ ਖਾਲਿਸਤਾਨੀਆਂ ਵੱਲੋਂ ਮੰਦਰ ’ਚ ਹਿੰਦੂਆਂ ’ਤੇ ਕੀਤੇ ਹਮਲੇ ’ਤੇ ਬੋਲੇ ਕਮਲਜੀਤ ਸਿੰਘ ਕਮਲ
ਕਿਹਾ : ਮੰਦਿਰਾਂ ’ਤੇ ਹਮਲਾ ਕਰਨ ਵਾਲੇ ਸਿੱਖ ਨਹੀਂ ਸਗੋਂ ਬਹਰੂਪੀਏ, ਸਿੱਖ ਕੌਮ ਨੂੰ ਕਰ ਰਹੇ ਨੇ ਬਦਨਾਮ
* ਪੀਐਮ ਟਰੂਡੋ ਦੀ ਸ਼ਹਿ ’ਤੇ ਕਨੇਡਾ ਬਣਿਆ ਅੱਤਵਾਦੀਆਂ ਦਾ ਅੱਡਾ
ਖੰਨਾ, 10 ਨਵੰਬਰ(ਅਜੀਤ ਖੰਨਾ ) ਕੈਨੇਡਾ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਹਿੰਦੂ ਸਭਾ ਮੰਦਿਰ ਵਿੱਚ ਹਿੰਦੂਆਂ ਉੱਤੇ ਹੋਏ ਹਮਲੇ ਦੀ ਘੋਰ ਨਿੰਦਾ ਕਰਦਿਆਂ ਸ਼੍ਰੀ ਹਿੰਦੂ ਤਖਤ, ਕਾਲੀ ਮਾਤਾ ਮੰਦਰ ਪਟਿਆਲਾ ਅਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਨੇ ਕਿਹਾ ਕੇ ਖਾਲਿਸਤਾਨੀਆਂ ਵੱਲੋਂ ਹਿੰਦੂ ਸਿੱਖ ਏਕਤਾ ਨੂੰ ਢਾਹ ਲਾਉਣ ਦੇ ਮਕਸਦ ਨਾਲ ਇਹ ਘਿਨਉਣੀ ਹਰਕਤ ਕੀਤੀ ਗਈ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਮੰਦਿਰਾਂ ’ਤੇ ਹਮਲਾ ਕਰਨ ਵਾਲੇ ਸਿੱਖ ਨਹੀਂ,ਸਗੋਂ ਸਿੱਖਾਂ ਦਾ ਰੂਪ ਧਾਰਣ ਕੀਤੇ ਹੋਏ ਖਾਲਿਸਤਾਨੀ ਬਹਰੂਪੀਏ ਹਨ।ਜੋ ਕੇ ਪੂਰੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ।ਜਦੋਂ ਕੇ ਸਾਡੇ ਗੁਰੂਆਂ ਨੇ ਤਾਂ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਕਰਕੇ ਅਜਿਹੀਆਂ ਘਟੀਆ ਹਰਕਤਾਂ ਕਰਨ ਵਾਲੇ ਲੋਕ ਸਿੱਖ ਨਹੀਂ ਹੋ ਸਕਦੇ।
ਕਮਲਜੀਤ ਸਿੰਘ ਕਮਲ ਨੇ ਕਿਹਾ ਕਿ ਹਿੰਦੂ ਸਭਾ ਮੰਦਿਰ ਵਿੱਚ ਹੋਈ ਹਿੰਸਾ ਨਾ ਸਵਿਕਾਰਨਯੋਗ ਹੈ। ਕਨੇਡਾ ਵਿੱਚ ਰਹਿ ਰਹੇ ਹਰ ਇਕ ਭਾਰਤੀ ਹਿੰਦੂ ਨੂੰ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ । ਉਨ੍ਹਾਂ ਕਿਹਾ ਕਿ ਪੂਰੇ ਸੰਸਾਰ ਦਾ ਸਿੱਖ ਭਾਈਚਾਰਾ ਹਿੰਦੂਆਂ ਨਾਲ ਹੈ। ਇਸ ਕਰਕੇ ਇਨਾਂ ਮੁੱਠੀ ਭਰ ਖਾਲਿਸਤਾਨੀਆਂ ਤੋਂ ਕਿਸੇ ਵੀ ਹਿੰਦੂ ਨੂੰ ਡਰਨ ਦੀ ਲੋੜ ਨਹੀਂ ਹੈ।
ਕਮਲਜੀਤ ਸਿੰਘ ਕਮਲ ਨੇ ਕਿਹਾ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਖਾਲਿਸਤਾਨੀਆਂ ਨੂੰ ਸ਼ਹਿ ਦਿੰਦੇ ਆ ਰਹੇ ਹਨ। ਜਿਸ ਕਰਕੇ ਕਨੇਡਾ ਖਾਲਿਸਤਾਨੀ ਅੱਤਵਾਦੀਆਂ ਲਈ ਇੱਕ ਸੁਰੱਖਿਅਤ ਅੱਡਾ ਬਣ ਗਿਆ ਹੈ।ਕੈਨੇਡਾ ਵਿੱਚ ਖਾਲਿਸਤਾਨੀਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕੇ ਕੈਨੇਡਾ ਸਰਕਾਰ ਹਿੰਦੂਆਂ ਦੀ ਰੱਖਿਆ ਕਰਨ ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ।
ਕਮਲਜੀਤ ਸਿੰਘ ਕਮਲ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਕਨੇਡਾ ਵਿਚ ਰਹਿ ਰਹੇ ਹਿੰਦੂਆਂ ਅਤੇ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁੱਖਤਾ ਕਦਮ ਚੁੱਕੇ ਜਾਣ।