ਮਿਸੀਸਾਗਾ/ਕੈਨੇਡਾ, (ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਆਪਣੀ ਅਤੇ ਆਪਣੇ ਪਰਿਵਾਰ ਦੇ ਭਵਿੱਖ ਨੂੰ ਸੰਵਾਰਨ ਦੀ ਕੋਸ਼ਿਸ਼ ਵਿੱਚ ਹਰ ਸਾਲ ਹਜਾਰਾਂ ਹੀ ਪੰਜਾਬੀ ਨੌਜਵਾਨ ਵਿਦੇਸ਼ ਜਾਂਦੇ ਹਨ। ਪਰ ਕਈ ਵਾਰ ਵਿਦੇਸ਼ਾਂ ਵਿੱਚ ਕਿਸੇ ਕਾਰਨ ਕਰਕੇ ਜਦ ਨੌਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ ਤਾਂ ਪਿੱਛੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਡਿੱਗ ਪੈਂਦਾ ਹੈ। ਅਜਿਹੀ ਹੀ ਇੱਕ ਅਣਹੋਣੀ ਪੰਜਾਬ ਦੇ ਫਿਰੋਜ਼ਪੁਰ ਸ਼ਹਿਰ ਦੇ ਇੱਛੇਵਾਲਾ ਰੋਡ (ਨੇੜੇ ਬੱਸ ਸਟੈਂਡ) ਦੇ ਵਾਸੀ ਤਕਰੀਬਨ 22 ਸਾਲਾਂ ਨੌਜਵਾਨ ਨਿਤਿਨ ਸ਼ਰਮਾ ਪੁੱਤਰ ਅਸ਼ੋਕ ਸ਼ਰਮਾ ਨਾਲ ਹੋਈ ਹੈ। ਜਿਸ ਦੀ ਕੈਨੇਡਾ ਦੇ ਇਕ ਹਸਪਤਾਲ ‘ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨਿਤਿਨ ਦੀ ਲਾਸ਼ ਟ੍ਰਿਲੀਅਮ ਹੈਲਥ ਪਾਰਟਨਰਸ ਹਸਪਤਾਲ ਮਿਸੀਸਾਗਾ ‘ਚ ਰੱਖੀ ਗਈ ਹੈ। ਉਸ ਦੀ ਲਾਸ਼ ਫਿਰੋਜ਼ਪੁਰ ਲਿਆਉਣ ਲਈ ਤਕਰੀਬਨ 22 ਹਜ਼ਾਰ ਡਾਲਰ ਜਮ੍ਹਾ ਹੋਣੇ ਹਨ ਤੇ ਉਸ ਦੇ ਦੋਸਤ ਪੈਸੇ ਇਕੱਠੇ ਕਰ ਕੇ ਲਾਸ਼ ਫਿਰੋਜ਼ਪੁਰ ਮੰਗਵਾਉਣ ਦੀ ਤਿਆਰੀ ਕਰ ਰਹੇ ਹਨ। 22 ਹਜ਼ਾਰ ਡਾਲਰ ਜਮ੍ਹਾ ਕਰਵਾਉਣ ‘ਚ ਕੈਨੇਡਾ ਵਿੱਚ ਰਹਿੰਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਲੋਕ ਸਹਿਯੋਗ ਦੇ ਰਹੇ ਹਨ। ਇਸ ਉਦੇਸ਼ ਲਈ ਨਿਤਿਨ ਦੇ ਦੋਸਤਾਂ ਨੇ ਇਕ ਪੇਜ ਬਣਾਇਆ ਹੈ, ਜਿਸ ‘ਚ ਲੋਕਾਂ ਤੋਂ ਲਾਸ਼ ਭਾਰਤ ‘ਚ ਭੇਜਣ ਲਈ ਮਦਦ ਮੰਗੀ ਜਾ ਰਹੀ ਹੈ। ਨਿਤਿਨ ਦੇ ਪਿਤਾ ਅਸ਼ੋਕ ਸ਼ਰਮਾ ਜੋ ਕਿ ਇੱਕ ਦੁਕਾਨਦਾਰ ਹਨ ਨੇ ਦੱਸਿਆ ਕਿ ਕੈਨੇਡਾ ‘ਚ ਰਹਿੰਦੇ ਕੁੱਝ ਲੜਕੇ, ਜੋ ਪਹਿਲਾਂ-ਪਹਿਲਾਂ ਤਕਰੀਬਨ 3 ਮਹੀਨੇ ਉਸ ਦੇ ਨਾਲ ਇਕ ਹੀ ਕਮਰੇ ‘ਚ ਰਹੇ, ਉਨ੍ਹਾਂ ਨੇ ਨਿਤਿਨ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਦੇ ਘਰ ਵਿਚ ਉਸ ਨੂੰ ਹੇਠਾਂ ਬੁਲਾ ਕੇ ਹਥਿਆਰਾਂ ਨਾਲ ਜਾਨਲੇਵਾ ਹਮਲਾ ਵੀ ਕੀਤਾ ਸੀ। ਇਹ ਲੜਕੇ ਤਲਵਾਰਾਂ ਦਿਖਾ ਕੇ ਨਿਤਿਨ ਤੋਂ ਪੈਸੇ ਮੰਗਦੇ ਸਨ । ਉਸ ਸਮੇਂ ਹਮਲੇ ਨਾਲ ਜ਼ਖ਼ਮੀ ਹੋਏ ਨਿਤਿਨ ਨੂੰ ਟ੍ਰਿਲੀਅਮ ਹੈਲਥ ਪਾਰਟਨਰਸ ਮਿਸੀਸਾਗਾ ‘ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ।ਪਰ ਛੁੱਟੀ ਮਿਲਣ ਤੋਂ ਬਾਅਦ ਵੀ ਨਿਤਿਨ ਦਾ ਸਿਰਦਰਦ ਹੁੰਦਾ ਰਹਿੰਦਾ ਸੀ ਅਤੇ ਜਦੋਂ ਉਹ ਦੁਬਾਰਾ ਚੈੱਕਅਪ ਲਈ ਹਸਪਤਾਲ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਸਿਰ ‘ਚ ਸੱਟ ਲੱਗੀ ਹੋਣ ਕਾਰਨ ਉਸ ਦੇ ਬ੍ਰੇਨ ‘ਚ ਕੋਈ ਸਮੱਸਿਆ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਦੇ ਅਨੁਸਾਰ ਹਮਲਾ ਕਰਨ ਵਾਲੇ ਇਹ ਲੜਕੇ ਨਿਤਿਨ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਤੇ ਉਸ ਨੂੰ ਕੁਝ ਦਿਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਾਰਨ ਉਹ ਪ੍ਰੇਸ਼ਾਨ ਵੀ ਰਹਿੰਦਾ ਸੀ। ਅਸ਼ੋਕ ਸ਼ਰਮਾਂ ਅਨੁਸਾਰ ਜਦੋਂ ਨਿਤਿਨ ਨੂੰ ਫਿਰ ਤੋਂ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੀ ਐੱਮ.ਆਰ.ਆਈ. ਹੋਈ ਅਤੇ ਉਸ ਦੇ ਬ੍ਰੇਨ ਦੀ ਸਰਜਰੀ ਕਰਨੀ ਪਈ। ਉਨ੍ਹਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਸਿਰ ‘ਚ ਲੱਗੀਆਂ ਸੱਟਾਂ ਕਾਰਨ ਉਸਦੀ ਮੌਤ ਹੋਈ ਹੈ ਅਤੇ ਹਮਲਾ ਕਰਨ ਵਾਲੇ ਉਹ ਸਾਰੇ ਲੜਕੇ ਨਿਤਿਨ ਦੀ ਮੌਤ ਲਈ ਜਿੰਮੇਵਾਰ ਹਨ ਜੋ ਕਿ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਹਨ ਅਤੇ ਇਸ ਸਮੇਂ ਕੈਨੇਡਾ ‘ਚ ਹਨ। ਆਪਣੇ ਬੇਟੇ ਦੇ ਚੰਗੇ ਭਵਿੱਖ ਲਈ ਉਸਨੂੰ ਕੈਨੇਡਾ ਭੇਜਣ ਵਾਲਾ ਸ਼ਰਮਾ ਪਰਿਵਾਰ ਹੁਣ ਉਸਦੀ ਲਾਸ਼ ਆਉਣ ਦੀ ਉਡੀਕ ਕਰ ਰਿਹਾ ਹੈ।
Boota Singh Basi
President & Chief Editor