ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨੌਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿੰਡਾਂ ਦੇ ਖੇਡ ਕਲੱਬਾਂ ਨੂੰ ਵੰਡੇ ਵਿੱਤੀ ਸਹਾਇਤਾ ਦੇ ਚੈੱਕ

0
181

ਸੁਨਾਮ ਊਧਮ ਸਿੰਘ ਵਾਲਾ, 10 ਅਪ੍ਰੈਲ, 2023: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਦੀ ਜਵਾਨੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਖੇਡ ਤੇ ਭਲਾਈ ਕਲੱਬਾਂ ਦੇ ਨੌਜਵਾਨ ਅਹੁਦੇਦਾਰਾਂ ਨੂੰ 30-30 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਵੰਡਣ ਮੌਕੇ ਕੀਤਾ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ‘ਚ ਅਹਿਮ ਯੋਗਦਾਨ ਪਾਉਂਦੀਆਂ ਹਨ ਉੱਥੇ ਹੀ ਨੌਜਵਾਨਾਂ ਦੀ ਊਰਜਾ ਨੂੰ ਸਹੀ ਢੰਗ ਨਾਲ ਵਰਤਣ ਦਾ ਵੀ ਚੰਗਾ ਜ਼ਰੀਆ ਹਨ। ਉਨ੍ਹਾਂ ਦੱਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਢੱਡਰੀਆਂ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਾਹੋਕੇ, ਸਰਾਓ ਸਪੋਰਟਸ ਕਲੱਬ ਕੁਲਾਰ ਖੁਰਦ, ਸ਼੍ਰੀ ਨਰੈਣ ਸ਼ਰਮਾ ਮੈਮੋਰੀਅਲ ਵਾਲੀਬਾਲ ਕਲੱਬ ਮਸਤੂਆਣਾ ਸਾਹਿਬ ਤੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਝਾੜੋਂ ਨੂੰ ਵਿੱਤੀ ਸਹਾਇਤਾ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵੀ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਬਚਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਅਜਿਹੇ ਉਪਰਾਲੇ ਬਾਦਸਤੂਰ ਜਾਰੀ ਰੱਖੇ ਜਾਣਗੇ।

ਇਸ ਮੌਕੇ ਬਲਾਕ ਪ੍ਰਧਾਨ ਸੁੱਖ ਸਾਹੋਕੇ, ਸੀਨੀਅਰ ਆਗੂ ਹਰਪਾਲ ਸਿੰਘ ਬਡਰੁੱਖਾਂ, ਕਾਲਾ ਬਡਰੁੱਖਾਂ, ਕਰਮ ਸਿੰਘ ਬਰਾੜ, ਐਮ.ਸੀ. ਗੁਰਮੀਤ ਸਿੰਘ ਫੌਜੀ, ਐਮ.ਸੀ. ਗੁਰਮੀਤ ਸਿੰਘ ਲੱਲੀ,ਜਗਸੀਰ ਸਿੰਘ ਜੱਗਾ ਝਾੜੋਂ, ਗੁਰਪ੍ਰੀਤ ਸਿੰਘ ਗੋਪੀ ਢੱਡਰੀਆਂ, ਦਵਿੰਦਰ ਸਿੰਘ, ਮਨਜੀਤ ਸਿੰਘ ਢੱਡਰੀਆਂ, ਜਸਵੀਰ ਸਿੰਘ ਸਾਹੋਕੇ, ਸੀਪੂ ਕੁਲਾਰ ਖ਼ੁਰਦ, ਕਾਲਾ ਕੁਲਾਰ ਖ਼ੁਰਦ ਅਤੇ ਹੋਰ ਪਤਵੰਤੇ ਹਾਜ਼ਰ ਸਨ।

LEAVE A REPLY

Please enter your comment!
Please enter your name here