ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਈਲਵਾਲ ਤੇ ਤੂੰਗਾਂ ‘ਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਪ੍ਰੋਜਕਟਾਂ ਦੀ ਕੀਤੀ ਸ਼ੁਰੂਆਤ

0
120

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 15 ਮਈ, 2023: ਕੈਬਨਿਟ ਮੰਤਰੀ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਅੱਜ ਪਿੰਡ ਈਲਵਾਲ ਵਿਖੇ ਛੱਪੜ ਦੇ ਨਵੀਨੀਕਰਨ ਲਈ 36 ਲੱਖ ਰੁਪਏ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦੇ ਨਾਲ-ਨਾਲ ਪਿੰਡ ਤੂੰਗਾਂ ਵਿਖੇ 45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਨਵੇਂ ਪੰਚਾਇਤ ਘਰ ਅਤੇ 33 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦੀ ਵੀ ਸ਼ੁਰੂਆਤ ਕਰਵਾਈ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕਵਾਇਦ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀ ਸਲਾਹ ਨਾਲ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ ਜਿਨ੍ਹਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੁਨਾਮ ਹਲਕੇ ਨੂੰ ਨਮੂਨੇ ਦੇ ਹਲਕੇ ਵਜੋਂ ਵਿਕਸਿਤ ਕਰਨਾ ਉਨ੍ਹਾਂ ਦੀ ਆਪਣੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਹਰ ਛੋਟੇ-ਵੱਡੇ ਪ੍ਰੋਜੈਕਟ ਦੀ ਉਹ ਆਪ ਨਿੱਜੀ ਪੱਧਰ ‘ਤੇ ਨਿਗਰਾਨੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਗੰਦੇ ਪਾਣੀ ਦੀ ਸਹੀ ਨਿਕਾਸੀ ਦੇ ਨਾਲ-ਨਾਲ ਬਰਸਾਤਾਂ ਦੇ ਮੌਸਮ ‘ਚ ਟੋਭਿਆਂ ਨੂੰ ਬਿਮਾਰੀਆਂ ਦਾ ਸੋਮਾ ਬਣਨ ਤੋਂ ਬਚਾਉਣ ਲਈ ਇਨ੍ਹਾਂ ਨੂੰ ਥਾਪਰ ਮਾਡਲ ਰਾਹੀਂ ਮੁੜ ਤੋਂ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੀਨੀਕਰਨ ਤੋਂ ਬਾਅਦ ਗੰਦਗੀ ਦਾ ਸੋਮਾ ਬਣੇ ਇਨ੍ਹਾਂ ਟੋਭਿਆਂ ਦਾ ਪਾਣੀ ਸਾਫ ਕਰਕੇ ਖੇਤਾਂ ਦੀ ਸਿੰਜਾਈ ਲਈ ਵਰਤਿਆ ਜਾਵੇਗਾ ਅਤੇ ਇਨ੍ਹਾਂ ਦੇ ਦੁਆਲੇ ਵਿਉਂਤਬੰਦੀ ਕਰਕੇ ਪਾਰਕ, ਪਾਰਕਿੰਗ ਤੇ ਅੰਮ੍ਰਿਤ ਸਰੋਵਰ ਉਸਾਰੇ ਜਾਣਗੇ।

ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਨਾਲ-ਨਾਲ ਲੋਕਾਂ ਨੂੰ ਵੀ ਇਸ ਵਿਰੁੱਧ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਇਹ ਉਨ੍ਹਾਂ ਦੇ ਆਪਣੇ ਪ੍ਰੋਜੈਕਟ ਤੇ ਇਨ੍ਹਾਂ ‘ਤੇ ਖ਼ਰਚਿਆ ਜਾਣ ਵਾਲਾ ਪੈਸਾ ਉਨ੍ਹਾਂ ਦਾ ਆਪਣਾ ਹੈ ਸੋ ਇਨ੍ਹਾਂ ਦੇ ਨੇਪਰੇ ਚੜ੍ਹਨ ਤੱਕ ਆਪ ਪੂਰੀ ਨਿਗਰਾਨੀ ਰੱਖਣ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਤਾੜਨਾ ਕੀਤੀ ਕਿ ਹਲਕੇ ‘ਚ ਕਿਸੇ ਵੀ ਕਿਸਮ ਦਾ ਭ੍ਰਿਸ਼ਟਾਚਾਰ ਜਾਂ ਬੇਨਿਯਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਓ.ਐਸ.ਡੀ. ਅੰਮ੍ਰਿਤਪਾਲ ਸਿੰਘ ਸਿੱਧੂ, ਹਰਦੀਪ ਸਿੰਘ ਭਰੂਰ, ਅਵਤਾਰ ਸਰਪੰਚ, ਬਲਦੇਵ ਸਿੰਘ ਸਰਪੰਚ, ਬਲਜਿੰਦਰ ਸਿੰਘ, ਗੁਰਿੰਦਰ ਖੇੜੀ, ਦੀਪ ਸਰਪੰਚ ਕਨੋਈ, ਸਤਗੁਰ ਸਿੰਘ ਸਰਕਲ ਪ੍ਰਧਾਨ, ਜਗਪਾਲ ਸਿੰਘ ਸਰਪੰਚ, ਰਣਧੀਰ ਕਿੱਖੀ ਤੁੰਗਾਂ, ਕੁਲਵਿੰਦਰ ਫੌਜੀ ਤੇ ਵੱਡੀ ਗਿਣਤੀ ‘ਚ ਦੋਵੇਂ ਪਿੰਡਾਂ ਦੇ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here