ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਦਾ ਸੱਦਾ

0
64

ਅਮਨ ਅਰੋੜਾ ਨੇ ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਹੌਂਸਲਾ ਵਧਾਇਆ
ਸੁਨਾਮ
ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਅਤੇ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਰੰਭੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਦੀ ਗੁਰੂ ਹਰਿਗੋਬਿੰਦ ਸਾਹਿਬ ਧਰਮਸ਼ਾਲਾ ਵਿੱਚ ਚੱਲ ਰਹੇ ਰਾਜ ਪੱਧਰੀ ਵੇਟ ਲਿਫਟਿੰਗ ਮੁਕਾਬਲਿਆਂ ਦੇ ਅੰਤਿਮ ਦਿਨ ਖਿਡਾਰੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਪ੍ਰਤਿਭਾਸ਼ਾਲੀ ਖਿਡਾਰੀਆਂ ਦਾ ਹੁਨਰ ਸਭ ਦੇ ਸਾਹਮਣੇ ਆਇਆ ਹੈ ਅਤੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨਵੀਂ ਖੇਡ ਨੀਤੀ ਭਵਿੱਖ ਵਿੱਚ ਇਨ੍ਹਾਂ ਖੇਡ ਹੀਰਿਆਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਖਿਡਾਰੀਆਂ ਵੱਲੋਂ ਆਪਣੀ ਮਿਹਨਤ, ਅਭਿਆਸ ਅਤੇ ਦ੍ਰਿੜਤਾ ਸਦਕਾ ਖੇਡ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਵੱਲੋਂ ਸੁਨਾਮ ਵਿਖੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਖੇਡਾਂ ਵਤਨ ਪੰਜਾਬ ਦੀਆਂ’ਤੋਂ ਸੇਧ ਲੈਂਦੇ ਹੋਏ ‘ਖੇਡਾਂ ਹਲਕਾ ਸੁਨਾਮ ਦੀਆਂ ‘ ਨਾਂ ਹੇਠ ਦੋ ਰੋਜ਼ਾ ਖੇਡ ਮੁਕਾਬਲੇ ਕਰਵਾਏ ਗਏ ਸਨ ਜਿਸ ਵਿੱਚ ਰਿਕਾਰਡ 209 ਟੀਮਾਂ ਦੇ 2037 ਖਿਡਾਰੀਆਂ ਨੇ ਭਾਗ ਲੈ ਕੇ ਇਹ ਸਾਬਤ ਕਰ ਦਿੱਤਾ ਸੀ ਕਿ ਪੰਜਾਬ ਦੇ ਹਰ ਘਰ ਤੱਕ ਖੇਡ ਸਭਿਆਚਾਰ ਪ੍ਰਫੁੱਲਿਤ ਕਰਨ ਦਾ ਜੋ ਟੀਚਾ ਮਿੱਥਿਆ ਗਿਆ ਹੈ ਉਹ ਜਲਦੀ ਹੀ ਨੇਪਰੇ ਚਾੜ੍ਹਿਆ ਜਾ ਸਕੇਗਾ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਉਸਾਰੂ ਮਾਹੌਲ, ਸਹਿਯੋਗ, ਅਤਿ ਆਧੁਨਿਕ ਖੇਡ ਢਾਂਚਾ ਅਤੇ ਖੇਡਾਂ ਦੀ ਤਕਨੀਕੀ ਸਿਖਲਾਈ ਲਈ ਲੋੜੀਂਦੀ ਹਰ ਸੁਵਿਧਾ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਅਤੇ ਖਿਡਾਰੀਆਂ, ਕੋਚਾਂ, ਮਾਪਿਆਂ ਸਮੇਤ ਹਰ ਨਾਗਰਿਕ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣ। ਉਨ੍ਹਾਂ ਇਸ ਦੌਰਾਨ ਕੁਝ ਜੇਤੂ ਖ਼ਿਡਾਰੀਆਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਵਲੋਂ ਖੇਡ ਵਿਭਾਗ ਦੀ ਤਰਫੋਂ ਕੈਬਨਿਟ ਮੰਤਰੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਹਰਮੀਤ ਵਿਰਕ, ਸਾਹਿਬ ਸਿੰਘ, ਐਮ ਸੀ ਹਰਪਾਲ ਹਾਂਡਾ, ਮਨਪ੍ਰੀਤ ਬਾਂਸਲ, ਖੇਡ ਵਿਭਾਗ ਦੇ ਮੁੱਖ ਦਫਤਰ ਤੋਂ ਮਨਿੰਦਰ ਸਿੰਘ ਦੇ ਨਾਲ ਰਾਜਵੀਰ ਸਿੰਘ, ਜਸਪਾਲ ਸਿੰਘ ਵੇਟ ਲਿਫਟਿੰਗ ਕੋਚ, ਗੁਰਪ੍ਰੀਤ ਸਿੰਘ ਹਾਕੀ ਕੋਚ, ਸਚਿਨ ਸ਼ਰਮਾ ਵੇਟ ਲਿਫਟਿੰਗ ਕੋਚ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here