ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਪੁੱਜੇ

0
185

ਬੰਗਾ 3 ਜੂਨ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਆਪਣੇ ਪਰਿਵਾਰ ਸਮੇਤ ਪੰਜਾਬ ਦੇ ਪੇਂਡੂ ਇਲਾਕਿਆਂ ਵਿਚ ਪਿਛਲੇ ਚਾਰ ਦਹਾਕਿਆਂ ਤੋਂ ਮੈਡੀਕਲ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ ਗੁੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸ. ਧਾਲੀਵਾਲ ਨੇ ਟਰੱਸਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਸਵ: ਬਾਬਾ ਬੁੱਧ ਸਿੰਘ ਢਾਹਾਂ ਬਾਨੀ ਪ੍ਰਧਾਨ ਨੂੰ ਯਾਦ ਕੀਤਾ ਅਤੇ ਟਰੱਸਟ ਦੇ ਮੌਜੂਦਾ ਮੁੱਖ ਪ੍ਰਬੰਧਕ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਿਹਤ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਦੇ ਖੇਤਰ ਵਿਚ ਲੋਕ ਸੇਵਾ ਹਿੱਤ ਕੀਤੇ ਜਾ ਰਹੇ ਨਿਸ਼ਕਾਮ ਸੇਵੀ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਟਰਸੱਟ ਵੱਲੋ ਪੰਜਾਬ ਦੇ ਪੇਂਡੂ ਅਤੇ ਪੱਛੜੇ ਇਲਾਕਿਆਂ ਵਿਚ ਗੁਰੂ ਨਾਨਕ ਦੇਵ ਜੀ ਨਾਮ ’ਤੇ ਹਸਪਤਾਲ, ਨਰਸਿੰਗ ਕਾਲਜ, ਪੈਰਾ ਮੈਡੀਕਲ ਕਾਲਜ ਅਤੇ ਸੀਨੀਅਰ ਸੈਕੰਡਰੀ ਸਕੂਲ ਦੀ ਸਥਾਪਨਾ ਕਰਕੇ ਇਲਾਕੇ ਲਈ ਲੋਕ ਭਲਾਈ ਦਾ ਵੱਡਾ ਕੰਮ ਕੀਤਾ ਹੈ। ਇਸ ਮੌਕੇ ਕੈਬਟਿਨ ਮੰਤਰੀ ਸ. ਧਾਲੀਵਾਲ ਨੇ ਸਰਕਾਰ ਵਲੋਂ ਵੀ ਟਰੱਸਟ ਦੀ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਾਹਾਂ ਅਤੇ ਡਾਇਰੈਕਟਰ ਸਿੱਖਿਆ ਪ੍ਰੋ: ਹਰਬੰਸ ਸਿੰਘ ਬੋਲੀਨਾ ਨੇ ਪੰਜਾਬ ਦੇ ਐੱਨ.ਆਰ.ਆਈ. ਅਤੇ ਪ੍ਰਬੰਧਕੀ ਸੁਧਾਰ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕੀਤਾ । ਉਹਨਾਂ ਨੇ ਢਾਹਾਂ ਕਲੇਰਾਂ ਵਿਖੇ ਟਰੱਸਟ ਵੱਲੋਂ ਦੇਸ ਵਿਦੇਸ ਵਿਚ ਵੱਸਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਵੱਖ-ਵੱਖ ਸਿਹਤ ਅਤੇ ਵਿਦਿਅਕ ਸੰਸਥਾਵਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ ਹਰ ਮਹੀਨੇ ਲੋੜਵੰਦ ਮਰੀਜ਼ਾਂ ਨੂੰ 2 ਲੱਖ ਰੁਪਏ ਤੋਂ ਵੱਧ ਦੀ ਰਿਆਇਤ ਦਿੱਤੀ ਜਾ ਰਹੀ ਹੈ । ਹਸਪਤਾਲ ਵੱਲੋਂ ਚਿੱਟਾ ਮੋਤੀਆਂ ਮੁਕਤ ਲਹਿਰ ਅਧੀਨ 1500 ਤੋਂ ਵੱਧ ਅੱਖਾਂ ਦੇ ਫਰੀ ਅਪਰੇਸ਼ਨ ਕੀਤੇ ਜਾ ਚੁੱਕੇ ਹਨ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਮੈਡੀਕਲ ਸਹਾਇਤਾ ਦੇਣ ਲਈ ਹਰ ਸਾਲ ਮੁਫ਼ਤ ਅੱਖਾਂ ਦੀਆਂ ਬਿਮਾਰੀਆਂ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਟਰੱਸਟ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦੀ ਮਦਦ ਅਤੇ ਸਕਾਲਰਸ਼ਿੱਪਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ ਦਾ ਉਹਨਾਂ ਦੇ ਪਰਿਵਾਰ, ਧਰਮ ਸੁਪਤਨੀ ਅਤੇ ਦੋਹਾਂ ਪੋਤਰਿਆਂ ਨਾਲ ਸਨਮਾਨ ਕੀਤਾ ਗਿਆ । ਵਰਨਣਯੋਗ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿਂੰਘ ਧਾਲੀਵਾਲ, ਟਰੱਸਟ ਦੇ ਸਿੱਖਿਆ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਪਰਮ ਮਿੱਤਰ ਹਨ ਅਤੇ ਇਸ ਮੌਕੇ ਉਹਨਾਂ ਨੇ ਪ੍ਰੋ. ਬੋਲੀਨਾ ਨਾਲ ਸਮਾਜਿਕ ਤੌਰ ’ਤੇ ਜੁੜੀਆਂ ਆਪਣੀਆਂ ਯਾਦਾਂ ਵੀ ਤਾਜ਼ਾਂ ਕੀਤੀਆਂ। ਇਸ ਮੌਕੇ ਟਰੱਸਟ ਦੇ ਵੱਖ ਵੱਖ ਅਦਾਰਿਆਂ ਦੇ ਇੰਚਾਰਜ ਵੀ ਕੈਬਨਿਟ ਮੰਤਰੀ ਸ. ਧਾਲੀਵਾਲ ਦੇ ਸਵਾਗਤ ਲਈ ਹਾਜ਼ਰ ਸਨ।

LEAVE A REPLY

Please enter your comment!
Please enter your name here