ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਚੰਡੀਗੜ੍ਹ, 18 ਅਗਸਤ:
ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਅਤੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ, ਜਿੱਥੇ ਲੋਕ ਪਾਣੀ ਵਿੱਚ ਘਿਰ ਗਏ ਹਨ, ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਲਈ ਐਨ.ਡੀ.ਆਰ.ਐਫ. ਦੇ ਸਹਿਯੋਗ ਨਾਲ ਜਾਰੀ ਰਾਹਤ ਕਾਰਜਾਂ ਦੀ ਅਗਵਾਈ ਕੀਤੀ।
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀਮਤੀ ਬਲਦੀਪ ਕੌਰ ਅਤੇ ਸਬੰਧਿਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਪਿੰਡ ਮੁੱਠਿਆਂਵਾਲਾ, ਸੀਤੋ ਮਹਿ ਝੁੱਗੀਆਂ, ਭੰਗਾਲਾ, ਤੂਤ, ਝੁੱਗੀਆਂ ਪੀਰ ਬਖਸ਼, ਝੁੱਗੀਆਂ ਨੱਥਾ ਸਿੰਘ ਅਤੇ ਕੋਟ ਬੁੱਢਾ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਔਖੀ ਘੜੀ ਵਿੱਚੋਂ ਕੱਢਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹਾਂ ਕਾਰਨ ਲੋਕਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਫਸਲਾਂ, ਪਸ਼ੂਆਂ, ਮਕਾਨ ਜਾਂ ਕਿਸੇ ਵੀ ਚੀਜ਼ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਜੋ ਇਸ ਨੁਕਸਾਨ ਦਾ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਭਾਖੜਾ ਡੈਮ ਅਤੇ ਪੌਂਗ ਡੈਮ ਤੋਂ ਪਾਣੀ ਛੱਡਣ ਨਾਲ ਦਰਿਆ ਬਿਆਸ ਤੇ ਸਤਲੁਜ ਵਿੱਚ ਪਾਣੀ ਦੇ ਪੱਧਰ ਵਿੱਚ ਵਾਧਾ ਹੋਇਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਚੌਕਸੀ ਵਰਤੀ ਜਾ ਰਹੀ ਹੈ ਅਤੇ ਦਰਿਆ ਦੇ ਪਾਣੀ ਦੇ ਵਹਾਅ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਉਹ ਚੌਕਸੀ ਰੱਖਣ ਅਤੇ ਜਦੋਂ ਵੀ ਕਿਤੇ ਉਨ੍ਹਾਂ ਨੂੰ ਪਾਣੀ ਦਾ ਪੱਧਰ ਵੱਧਦਾ ਦਿਖਾਈ ਦੇਵੇ ਤਾਂ ਉਹ ਤੁਰੰਤ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦੇ ਨੰਬਰ 01852-224107 ‘ਤੇ ਸੂਚਨਾ ਦੇਣ।
ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਨੂੰ ਸੰਵੇਦਨਸ਼ੀਲ ਥਾਵਾਂ ਤੋਂ ਖੋਰ੍ਹਾ ਲੱਗਣ ਤੋਂ ਬਚਾਉਣ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੜ੍ਹਾਂ ਦੀ ਮਾਰ ਤੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਨਾਲ-ਨਾਲ ਰਾਹਤ ਕੇਂਦਰਾਂ ਵਿਚ ਰਾਸ਼ਨ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ।