ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਭਨਵਾਲ ਅੰਦਰ 70 ਲੱਖ ਰੁਪਏ ਦੀ ਲਾਗਤ ਵਾਲੀ ਵਾਟਰ ਸਪਲਾਈ ਪ੍ਰਣਾਲੀ ਦਾ ਰੱਖਿਆ ਨੀਹ ਪੱਥਰ

0
30

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਭਨਵਾਲ ਅੰਦਰ 70 ਲੱਖ ਰੁਪਏ ਦੀ ਲਾਗਤ ਵਾਲੀ ਵਾਟਰ ਸਪਲਾਈ ਪ੍ਰਣਾਲੀ ਦਾ ਰੱਖਿਆ ਨੀਹ ਪੱਥਰ

ਪਿੰਡ ਮੈਰਾ ਕਾਲੋਨੀ ਅੰਦਰ 5 ਲੱਖ ਰੁਪਏ ਦੀ ਰਾਸ਼ੀ ਨਾਲ ਬਣਾਈ ਜਾਵੇਗੀ ਲਾਇਬ੍ਰੇਰੀ

ਚੰਡੀਗੜ੍ਹ/ਪਠਾਨਕੋਟ, 26 ਅਗਸਤ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਖੇਤਰ ਵਿੱਚ ਲੋਕ ਪੱਖੀ ਫੈਸਲੇ ਲਏ ਜਾ ਰਹੇ ਹਨ ਚਾਹੇ ਪੰਜਾਬ ਅੰਦਰ ਨੌਕਰੀਆਂ ਦਾ ਸਵਾਲ ਹੋਵੇ, ਮੁਫਤ ਬਿਜਲੀ ਦਾ ਸਵਾਲ ਹੋਵੇ ਜਾਂ ਪੰਜਾਬ ਅੰਦਰ ਸੜਕ ਸੁਰੱਖਿਆ ਫੋਰਸ ਦਾ ਸਵਾਲ ਹੋਵੇ। ਖ਼ਾਸ ਕਰਕੇ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸੂਬੇ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਭਨਵਾਲ ਵਿਖੇ ਵਾਟਰ ਸਪਲਾਈ ਦਾ ਨੀਹ ਪੱਧਰ ਰੱਖਣ ਮਗਰੋਂ ਕੀਤਾ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਬਹੁਤ ਜਲਦੀ ਪੂਰੇ ਪੰਜਾਬ ਅੰਦਰ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਆਰੰਭ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਲਾਭਪਾਤਰੀ ਕਾਰਡ ਤੋਂ ਵਾਂਝਾ ਨਾ ਰਹਿ ਸਕੇ।

ਪਿੰਡ ਭਨਵਾਲ ਅੰਦਰ ਵਾਟਰ ਸਪਲਾਈ ਦਾ ਨੀਹ ਪੱਥਰ ਰੱਖਣ ਮਗਰੋਂ ਉਨ੍ਹਾਂ ਨੇ ਕਿਹਾ ਕਿ ਪਿੰਡ ਭਨਵਾਲ ਦੇ ਲੋਕਾਂ ਦੀ ਸਹੂਲਤ ਲਈ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਦਾ ਲਾਭ ਘੱਟ ਤੋਂ ਘੱਟ 500 ਪਰਿਵਾਰਾਂ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਟਰ ਸਪਲਾਈ ਦੇ ਨਿਰਮਾਣ ਦਾ ਕਾਰਜ ਕਰੀਬ 6 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ।

ਉਨ੍ਹਾਂ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਵੀ ਕੀਤਾ ਗਿਆ ਹੈ ਜਿਸ ਵਿੱਚ ਸਭ ਤੋਂ ਪਹਿਲਾ ਪਿੰਡ ਮੈਰਾ ਕਲੋਨੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਸ ਮੌਕੇ ਉੱਤੇ ਪਿੰਡ ਅੰਦਰ ਲਾਇਬ੍ਰੇਰੀ ਬਣਾਉਣ ਦੇ ਲਈ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ ।

ਇਸ ਪਿੱਛੋਂ ਉਨ੍ਹਾਂ ਪਿੰਡ ਝੰਡਪੁਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਪਿੰਡ ਅੰਦਰ ਜੰਝਘਰ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਪਿੰਡ ਦੇ ਅੰਦਰ ਇੱਕ ਵਧੀਆ ਪਾਰਕ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਪਿੰਡ ਕਲੇਸਰ ਦੀ ਵਾਟਰ ਸਪਲਾਈ ਤੋਂ ਪਾਈਪ ਲਾਈਨ ਪਾ ਕੇ ਪਿੰਡ ਝੰਡਪੁਰ ਦੇ ਵਾਸੀਆਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਪਿੰਡ ਪੰਜੋੜ ਅੰਦਰ ਕੀਤੇ ਜਾ ਰਹੇ ਮੁੱਖ ਗਲੀ ਦੇ ਨਿਰਮਾਣ ਦਾ ਨਿਰੀਖਣ ਕੀਤਾ ਅਤੇ ਸਬੰਧਤ ਵਿਭਾਗ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਵਿਕਾਸ ਕਾਰਜ ਵਿੱਚ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਤੋਂ ਇਲਾਵਾ ਪਿੰਡ ਕਲੇਸਰ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਪਿੰਡ ਫਿਰੋਜ਼ਪੁਰ ਕਲ੍ਹਾਂ ਅੰਦਰ ਛੱਪੜ ਦੀ ਸਫਾਈ ਅਤੇ ਨਿਕਾਸੀ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਅੰਦਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ  ਪਹਿਲ ਦੇ ਅਧਾਰ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ।
——
ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ

ਬਿਜਲੀ ਚੋਰੀ ਵਿਰੁੱਧ 2 ਦਿਨਾਂ ਮੁਹਿੰਮ ਸਫਲਤਾਪੂਰਵਕ ਮੁਕੰਮਲ ਹੋਈ: ਹਰਭਜਨ ਸਿੰਘ ਈ.ਟੀ.ਓ

50,781 ਕੁਨੈਕਸ਼ਨਾਂ ਦੀ ਹੋਈ ਜਾਂਚ, ਚੋਰੀ ਦੇ 3,349 ਮਾਮਲੇ ਫੜ੍ਹੇ ਅਤੇ 7.66 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

ਕਿਹਾ, ਬਿਜਲੀ ਚੋਰੀ ਰੋਕਣ ਲਈ ਅਚਨਚੇਤ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ

ਚੰਡੀਗੜ੍ਹ, 26 ਅਗਸਤ

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਬਿਜਲੀ ਚੋਰੀ ਦਾ ਪਤਾ ਲਗਾਉਣ ਅਤੇ ਬਿਜਲੀ ਦੀ ਬਚਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ਦੋ ਦਿਨਾਂ ਰਾਜ ਵਿਆਪੀ ਚੈਕਿੰਗ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ।  ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ 50,781 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, 3,349 ਮਾਮਲਿਆਂ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਗਿਆ ਅਤੇ 7.66 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਦਿਨ ਐਤਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਡਿਸਟ੍ਰੀਬਿਊਸ਼ਨ ਅਤੇ ਇਨਫੋਰਸਮੈਂਟ ਵਿੰਗ ਨੇ 22,288 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ, ਚੋਰੀ ਦੇ 1,274 ਕੇਸ ਫੜ੍ਹੇ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ’ਤੇ 3.02 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਭਵਿੱਖ ਵਿੱਚ ਵੀ ਅਚਨਚੇਤ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ।

ਇਸ ਬਾਰੇ ਵੇਰਵੇ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਡਿਸਟ੍ਰੀਬਿਊਸ਼ਨ ਵਿੰਗ ਨੇ ਦੋ ਦਿਨਾਂ ਦੀ ਮੁਹਿੰਮ ਦੌਰਾਨ ਸੂਬੇ ਦੇ ਵੱਖ-ਵੱਖ ਜ਼ੋਨਾਂ ਵਿੱਚ ਮਹੱਤਵਪੂਰਨ ਨਤੀਜੇ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੱਖਣੀ ਜ਼ੋਨ (ਪਟਿਆਲਾ), ਕੇਂਦਰੀ ਜ਼ੋਨ (ਲੁਧਿਆਣਾ), ਉੱਤਰੀ ਜ਼ੋਨ (ਜਲੰਧਰ), ਬਾਰਡਰ ਜ਼ੋਨ (ਅੰਮ੍ਰਿਤਸਰ) ਅਤੇ ਪੱਛਮੀ ਜ਼ੋਨ (ਬਠਿੰਡਾ) ਨੇ ਸਮੂਹਿਕ ਤੌਰ ’ਤੇ 42,396 ਕੁਨੈਕਸ਼ਨਾਂ ਦੀ ਜਾਂਚ ਕੀਤੀ, 3073 ਕੇਸਾਂ ਵਿੱਚ ਚੋਰੀ ਦਾ ਪਤਾ ਲਗਾਇਆ ਅਤੇ 6.68 ਕਰੋੜ ਰੁਪਏ ਦੇ ਜੁਰਮਾਨੇ ਲਗਾਏ।

ਬਿਜਲੀ ਮੰਤਰੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਇਨਫੋਰਸਮੈਂਟ ਵਿੰਗ ਨੇ ਵੀ ਆਪਣੀ ਰਾਜ ਵਿਆਪੀ ਮੁਹਿੰਮ ਦੌਰਾਨ ਅਹਿਮ ਭੂਮਿਕਾ ਨਿਭਾਈ । ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਵਿੰਗ ਵੱਲੋਂ 8,385 ਕੁਨੈਕਸ਼ਨਾਂ ਦੀ ਜਾਂਚ ਦੌਰਾਨ 276 ਮਾਮਲਿਆਂ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 1.18 ਕਰੋੜ ਰੁਪਏ ਦੇ ਜੁਰਮਾਨੇ ਕੀਤੇ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਇਸ ਦੋ ਦਿਨਾਂ ਚੈਕਿੰਗ ਮੁਹਿੰਮ ਦਾ ਸਫ਼ਲਤਾਪੂਰਵਕ ਸੰਪੰਨ ਹੋਣਾ ਬਿਜਲੀ ਵਿਭਾਗ ਦੇ ਸਾਰਥਕ ਯਤਨਾਂ ਦਾ ਪ੍ਰਮਾਣ ਹੈ।  ਉਨ੍ਹਾਂ ਸਾਰੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਬਿਜਲੀ ਚੋਰੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਬਚਤ ਨੂੰ ਉਤਸ਼ਾਹਿਤ ਕਰਨ ਅਤੇ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ।
——–
ਮੁੱਖ ਮੰਤਰੀ ਦਫ਼ਤਰ, ਪੰਜਾਬ

ਮੁੱਖ ਮੰਤਰੀ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਦੀ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ

* ਵੱਡ ਆਕਾਰੀ ਖੇਡ ਮੁਕਾਬਲੇ ਦੀ 29 ਅਗਸਤ ਨੂੰ ਸੰਗਰੂਰ ਤੋਂ ਹੋਵੇਗੀ ਸ਼ੁਰੂਆਤ
* ਖਿਡਾਰੀ 37 ਖੇਡਾਂ ਦੇ 9 ਵਰਗਾਂ ਵਿੱਚ ਲੈਣਗੇ ਭਾਗ
* ਜੇਤੂਆਂ ਨੂੰ 9 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ
* ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ

ਚੰਡੀਗੜ੍ਹ, 26 ਅਗਸਤ:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 29 ਅਗਸਤ ਤੋਂ ਸ਼ੁਰੂ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਐਡੀਸ਼ਨ ਲਈ ਅੱਜ ਟੀ-ਸ਼ਰਟ ਅਤੇ ਲੋਗੋ ਲਾਂਚ ਕੀਤਾ।

ਲੋਗੋ ਅਤੇ ਟੀ-ਸ਼ਰਟ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਕੌਮੀ ਖੇਡ ਦਿਵਸ ਦੀ ਯਾਦ ਵਿੱਚ 29 ਅਗਸਤ ਨੂੰ ਇਹ ਵੱਡ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਭਿੜਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਰਗਾਂ ਵਿੱਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ਵਿੱਚ ਭਾਗ ਲੈ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਵੱਡੇ ਖੇਡ ਪ੍ਰਬੰਧ ਦਾ ਮੰਤਵ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15-22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਦੂਜਾ ਸੀਜ਼ਨ ਸਾਲ 2023 ਵਿੱਚ ਹੋਇਆ ਸੀ, ਜਿਸ ਵਿੱਚ 4.5 ਲੱਖ ਖਿਡਾਰੀਆਂ ਨੇ ਭਾਗ ਲਿਆ ਸੀ ਅਤੇ 12,500 ਜੇਤੂ ਖਿਡਾਰੀਆਂ ਨੂੰ 8.87 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਸਨ।

LEAVE A REPLY

Please enter your comment!
Please enter your name here