ਫਰਿਜ਼ਨੋ / ਸਾਨਫਰਾਂਸਸਕੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਵੱਖੋ ਵੱਖ ਸੇਵਾਵਾਂ ਕਰਕੇ ਪ੍ਰਦੇਸ਼ਾਂ ਵਿੱਚ ਪੰਜਾਬੀ ਅਕਸਰ ਸਿੱਖ ਕੌਮ ਦਾ ਨਾਮ ਚਮਕਾਉਂਦੇ ਰਹਿੰਦੇ ਨੇ। ਪਿਛਲੇ ਦਿਨੀਂ ਸਿੱਖੀ ਸਰੂਪ ਵਾਲੇ ਪੰਜਾਬੀ ਸਿੱਖ ਸਰੂਪ ਸਿੰਘ ਝੱਜ ਨੇ ਗੋਰਿਆ ਨਾਲ ਭਰੇ ਸਟੇਡੀਅਮ ਵਿੱਚ ਜਿੱਥੇ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ, ਓਥੇ ਅਮਰੀਕਾ ਵਿੱਚ ਸਿੱਖ ਪਹਿਚਾਣ ਨੂੰ ਵੀ ਨਵਾਂ ਹੁਲਾਰਾ ਦਿੱਤਾ। ਸਰੂਪ ਸਿੰਘ ਝੱਜ ਜਿਹੜੇ ਕਿ ਕੈਲੀਫੋਰਨੀਆ ਸਥਿਤ ‘ਸਹਾਇਤਾ’ ਸੰਸਥਾ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ। ਸਹਾਇਤਾ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਦੁਨੀਆਂ ਪੱਧਰ ’ਤੇ ਦੀਨ ਦੁੱਖੀ ਦੀ ਮੱਦਦ ਕਰਨ ਕਰਕੇ ਚਰਚਾ ਵਿੱਚ ਰਹੀ ਹੈ। ਇਸ ਸੰਸਥਾ ਨੇ ਕੋਵਿੱਡ ਦੇ ਦਿਨਾਂ ਦੌਰਾਨ ਵੀ ਡਟਕੇ ਲੋਕਾਂ ਦੀ ਮੱਦਦ ਕੀਤੀ ਅਤੇ ਇਸ ਸੰਸਥਾ ਨੇ ਕੁਝ ਸਾਲ ਪਹਿਲਾਂ ਪੈਰਾਡਾਈਸ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ ਸਮੇਂ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਕਰਕੇ ਲੋੜਵੰਦਾਂ ਲਈ ਹੱਥ ਅੱਗੇ ਵਧਾਇਆ ਸੀ। ਇਹਨਾਂ ਸਭ ਕਾਰਜਾਂ ਦੇ ਚੱਲਦਿਆਂ ਸਰੂਪ ਸਿੰਘ ਝੱਜ ਦਾ ਬੇਟਾ ਗੁਰਜਾਪ ਸਿੰਘ ਝੱਜ ਸਾਨਫਰਾਂਸਸਕੋ ਜਾਇੰਟਸ ਬੇਸਬਾਲ ਟੀਮ ਲਈ ਮਾਈਨਰ ਲੀਗ ਲਈ ਕੰਮ ਕਰ ਰਿਹਾ ਸੀ। ਇਹ ਬੇਸਬਾਲ ਟੀਮ ਹਰ ਸਾਲ ਕਿਸੇ ਐਸੀ ਸੰਸਥਾ ਜਾਂ ਵਿਅੱਕਤੀ ਵਿਸ਼ੇਸ਼ ਨੂੰ ਸਨਮਾਨਿਤ ਕਰਦੇ ਹਨ, ਜੋ ਨੌਨ ਪਰਾਫਟ ਹੋਵੇ ‘ਤੇ ਨਿਰਸਵਾਰਥ ਲੋਕਾਂ ਦੀ ਮੱਦਦ ਕਰਦੀ ਹੋਵੇ। ਗੁਰਜਾਪ ਸਿੰਘ ਝੱਜ ਨੇ ਆਪਣੇ ਪਿਤਾ ਸਰੂਪ ਸਿੰਘ ਝੱਜ ਅਤੇ ਸਹਾਇਤਾ ਨੂੰ ਨੌਮੀਨੇਟ ਕੀਤਾ। ਬੇਸਬਾਲ ਟੀਮ ਜਾਇੰਟਸ ਨੇ ਸਹਾਇਤਾ ਨੂੰ ਚੁਣਿਆ ਅਤੇ ਸਾਨਫਰਾਂਸਸਕੋ ਵਿਖੇ ਓਰੇਕਲ ਪਾਰਕ ਸਟੇਡੀਅਮ ਵਿੱਖੇ ਹਾਫ਼ ਟਾਇਮ ਦੌਰਾਨ ਲੋਕਾਂ ਨਾਲ ਖਚਾ ਖਚਾ ਭਰੇ ਸਟੇਡੀਅਮ ਦੌਰਾਨ ਸਹਾਇਤਾ ਸੰਸਥਾ ਲਈ 2500 ਡਾਲਰ ਅਤੇ ਸਨਮਾਨ ਵਜਂੋ ਸ. ਸਰੂਪ ਸਿੰਘ ਝੱਜ ਨੂੰ ਸਰਟੀਫੀਕੇਟ ਦੇ ਕੇ ਸਨਮਾਨਿਆ ਗਿਆ। ਕਰੀਬ ਅੱਧੇ ਮਿੰਟ ਤੱਕ ਸਰੂਪ ਸਿੰਘ ਝੱਜ ਦੀ ਲਾਈਵ ਤਸਵੀਰ ਸਟੇਡੀਅਮ ਦੀਆਂ ਵੱਡੀਆ ਸਕਰੀਨਾਂ ’ਤੇ ਵਿਖਾਈ ਗਈ। ਇਹਨਾਂ ਸੁਨਹਿਰੀ ਪਲ਼ਾਂ ਨੂੰ ਸ਼ੋਸ਼ਲ ਮੀਡੀਆ ਨੇ ਪ੍ਰਮੁੱਖਤਾ ਵਾਇਰਲ ਕੀਤਾ। ਸ. ਸਰੂਪ ਸਿੰਘ ਝੱਜ ਅਤੇ ਸਹਾਇਤਾ ਸੰਸਥਾ ਦੀ ਹਰ ਪਾਸਿਓਂ ਤਰੀਫ਼ ਹੋ ਰਹੀ ਹੈ। ਇਸ ਮੌਕੇ ਕਰੀਬ ਅੱਧੀ ਦਰਜਨ ਤੋ ਵੱਧ ਸੀਟਾਂ ਵੀ ਸਹਾਇਤਾ ਮੈਂਬਰਾਂ ਲਈ ਰਾਖਵੀਂਆਂ ਰੱਖੀਆਂ ਗਈਆ ਸਨ। ਇਸ ਮੌਕੇ ਸਹਾਇਤਾ ਸੰਸਥਾ ਦੇ ਕਈ ਮੈਂਬਰ ਜਿੰਨਾਂ ਵਿੱਚ ਜਗਦੀਪ ਸਿੰਘ ਸਹੋਤਾ, ਪਵਿੱਤਰ ਸਿੰਘ ਥਿਆੜਾ, ਸਮਰੀਨ ਸੰਧੂ, ਗੁਰਜਾਪ ਸਿੰਘ ਝੱਜ, ਰਾਜਨ ਗਿੱਲ, ਹਰਰੂਪ ਸਿੰਘ ਸਹੋਤਾ ਅਤੇ ਜਗਮੀਤ ਸਿੰਘ ਆਦਿ ਦੇ ਨਾਮ ਜਿਕਰਯੋਗ ਹਨ।
Boota Singh Basi
President & Chief Editor