ਸੈਕਰਾਮੈਂਟੋ 4 ਸਤੰਬਰ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਇਕ ਅਜਿਹਾ ਕਾਨੂੰਨ ਹੋਂਦ ਵਿਚ ਆ ਗਿਆ ਹੈ ਜਿਸ ਤਹਿਤ ਕੈਲੀਫੋਰਨੀਆ ਵਾਸੀਆਂ ਨੂੰ ਸੜਕਾਂ ਪਾਰ ਕਰਨ ਦੀ ਖੁਲ ਦਿੱਤੀ ਗਈ ਹੈ ਤੇ ਜੁਰਮਾਨਾ ਵਸੂਲਣ ਲਈ ਛੇਤੀ ਕੀਤਿਆਂ ਉਨਾਂ ਦੀ ਟਿਕਟ ਨਹੀਂ ਕੱਟੀ ਜਾਵੇਗੀ। ਪੁਲਿਸ ਅਧਿਕਾਰੀ ਮਾੜੀ ਮੋਟੀ ਕੁਤਾਹੀ ‘ਤੇ ਜੁਰਮਾਨਾ ਨਹੀਂ ਵਸੂਲ ਸਕਣਗੇ। ਗਵਰਨਰ ਗੈਵਿਨ ਨਿਊਸੋਮ ਨੇ ” ਦ ਫਰੀਡਮ ਟੂ ਵਾਕ ਐਕਟ” ਉਪਰ ਦਸਤਖਤ ਕਰ ਦਿੱਤੇ ਹਨ। ਇਹ ਜਾਣਕਾਰੀ ਅਸੈਂਬਲੀ ਮੈਂਬਰ ਫਿਲ ਟਿੰਗ ਵੱਲੋਂ ਦਿੱਤੀ ਗਈ ਹੈ ਜਿਨਾਂ ਨੇ ਇਹ ਬਿੱਲ ਸਪਾਂਸਰ ਕੀਤਾ ਸੀ। ਇਹ ਨਵਾਂ ਕਾਨੂੰਨ 1 ਜਨਵਰੀ,2023 ਤੋਂ ਲਾਗੂ ਹੋ ਜਾਵੇਗਾ ਜਿਸ ਤਹਿਤ ਕੋਈ ਵੀ ਪੁਲਿਸ ਅਧਿਕਾਰੀ ਓਦੋਂ ਤੱਕ ਕਿਸੇ ਕੋਲੋਂ ਜੁਰਮਾਨਾ ਵਸੂਲਣ ਦਾ ਫੁਰਮਾਨ ਜਾਰੀ ਨਹੀਂ ਕਰ ਸਕੇਗਾ ਜਦੋਂ ਤੱਕ ਪੈਦਲ ਜਾ ਰਿਹਾ ਵਿਅਕਤੀ ਫੌਰੀ ਕਿਸੇ ਸੰਭਾਵੀ ਹਾਦਸੇ ਲਈ ਖਤਰਾ ਨਾ ਖੜਾ ਕਰੇ। ਟਿੰਗ ਨੇ ਕਿਹਾ ਹੈ ਕਿ ‘ਜੈਵਾਕਿੰਗ ਲਾਅ’ ਜਬਰਦਸਤੀ ਕੈਲੀਫੋਰਨੀਆ ਵਿਚ ਥੋਪਿਆ ਗਿਆ ਸੀ ਜਿਸ ਤਹਿਤ ਜੇਕਰ ਕੋਈ ਵਿਅਕਤੀ ਲਾਲ ਬੱਤੀ ਤੋਂ ਪਹਿਲਾਂ ਲਾਈਟ ਦੇ ਜਗਣ-ਬੁਝਣ ਸਮੇ ਸੜਕ ਪਾਰ ਕਰਦਾ ਹੈ ਤਾਂ ਉਸ ਦੀ ਟਿਕਟ ਕੱਟੀ ਜਾ ਸਕਦੀ ਹੈ ਅਰਥਾਤ ਉਸ ਕੋਲੋਂ ਜੁਰਮਾਨਾ ਲਿਆ ਜਾਂਦਾ ਹੈ। ਟਿੰਗ ਨੇ ਕਿਹਾ ਹੈ ਕਿ ਨਵਾਂ ਕਾਨੂੰਨ ਪੁਲਿਸ ਨੂੰ ਵਧੀਕੀ ਕਰਨ ਤੋਂ ਰੋਕੇਗਾ। ਉਨਾਂ ਕਿਹਾ ਹੈ ਕਿ ਪੁਲਿਸ ਟਿਕਟ ਕੱਟਣ ਲੱਗਿਆਂ ਸਿਆਹਫਿਆਮ ਲੋਕਾਂ ਨਾਲ ਵਿਤਕਰਾ ਕਰਦੀ ਹੈ । ਉਨਾਂ ਕਿਹਾ ਹੈ ਕਿ ‘ਕੈਲੀਫੋਰਨੀਆ ਰੇਸੀਕਲ ਐਂਡ ਆਈਡੈਂਟਿਟੀ ਪ੍ਰੋਫਾਲਿੰਗ ਐਕਟ’ ਤੋਂ ਪਤਾ ਲੱਗਦਾ ਹੈ ਕਿ 2018 2020 ਦਰਮਿਆਨ ਕਾਲੇ ਲੋਕਾਂ ਕੋਲੋਂ ਗੋਰਿਆਂ ਦੀ ਤੁਲਨਾ ਵਿਚ ਸਾਢੇ 4 ਗੁਣਾਂ ਵਧ ਜੁਰਮਾਨਾ ਵਸੂਲਿਆ ਗਿਆ ਹੈ।
Boota Singh Basi
President & Chief Editor