ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕੀ ਸਟੇਟ ਕੈਲੀਫੋਰਨੀਆ ਵਿੱਚ ਸੋਮਵਾਰ ਨੂੰ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ।ਸੂਬੇ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਨੇ ਸੋਮਵਾਰ ਨੂੰ ਸੈਂਟਰਲ ਅਤੇ ਉੱਤਰੀ ਕੈਲੀਫੋਰਨੀਆ ਵਿੱਚ ਲਗਭਗ 25,000 ਗਾਹਕਾਂ ਦੀ ਬਿਜਲੀ ਬੰਦ ਕਰਨੀ ਸ਼ੁਰੂ ਕੀਤੀ ਅਤੇ ਦੱਖਣੀ ਕੈਲੀਫੋਰਨੀਆ ਵਿੱਚ ਬਿਜਲੀ ਕੰਪਨੀ ਐਡੀਸਨ ਨੇ ਵੀ ਆਪਣੇ 9,000 ਗਾਹਕਾਂ ਲਈ ਵੀ ਅਜਿਹਾ ਕਰਨ ਦੀ ਚਿਤਾਵਨੀ ਦਿੱਤੀ ਸੀ। ਤੇਜ਼ ਹਵਾਵਾਂ ਨੇ ਦਰੱਖਤਾਂ ਨੂੰ ਉਖਾੜ ਦਿੱਤਾ, ਜਿਸ ਨਾਲ ਬਿਜਲੀ ਦੀਆਂ ਲਾਈਨਾਂ ਡਿੱਗ ਪਈਆਂ ਅਤੇ ਕਈ ਛੋਟੀਆਂ ਅੱਗਾਂ ਹੋਂਦ ਵਿੱਚ ਆਈਆਂ, ਜਿਹਨਾਂ ਨੂੰ ਬੁਝਾਉਣ ਲਈ ਫਾਇਰਫਾਈਟਰਜ਼ ਨੇ ਜੱਦੋਜਹਿਦ ਕੀਤੀ। ਤੇਜ਼ ਹਵਾਵਾਂ ਕਾਰਨ ਸੈਂਟਾ ਬਾਰਬਰਾ ਦੇ ਪੱਛਮ ਵਿੱਚ ਅਤੇ ਲਾਸ ਪੈਡਰੇਸ ਨੈਸ਼ਨਲ ਫੌਰੈਸਟ ਵਿੱਚ ਸ਼ੁਰੂ ਹੋਈ ਅੱਗ ਨੂੰ ਬੁਝਾਉਣ ਲਈ ਕਾਰਵਾਈ ਕੀਤੀ ਗਈ। ਅੱਗ 70 ਮੀਲ ਪ੍ਰਤੀ ਘੰਟਾ (112 ਕਿਲੋਮੀਟਰ) ਦੀ ਰਫਤਾਰ ਨਾਲ ਚੱਲ ਰਹੀ ਸੀ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ ਦੇ ਸਮੇਂ ਤੱਕ ਇਹ ਘੱਟੋ ਘੱਟ 4.5 ਵਰਗ ਮੀਲ (12 ਵਰਗ ਕਿਲੋਮੀਟਰ) ਤੱਕ ਵਧ ਗਈ ਸੀ ਜਿਸ ਨਾਲ 100 ਘਰਾਂ, ਖੇਤਾਂ ਅਤੇ ਹੋਰ ਇਮਾਰਤਾਂ ਨੂੰ ਖਤਰਾ ਪੈਦਾ ਹੋ ਗਿਆ ਸੀ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 200 ਫਾਇਰਫਾਈਟਰ ਅੱਗ ਦੀਆਂ ਲਪਟਾਂ ਨਾਲ ਜੂਝ ਰਹੇ ਸਨ। ਇਸ ਦੌਰਾਨ, ਫਰਿਜ਼ਨੋ ਵਿੱਚ ਵੀ ਫਾਇਰਫਾਈਟਰਜ਼ ਨੇ ਇੱਕ ਘਰ ਉੱਤੇ ਦਰੱਖਤ ਡਿੱਗਣ ਤੋਂ ਬਾਅਦ ਘਰ ਵਿੱਚ ਫਸੇ ਤਿੰਨ ਲੋਕਾਂ ਨੂੰ ਬਚਾਇਆ।
Boota Singh Basi
President & Chief Editor