ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਿਚ ਪਾਵਰ ਲਿਫਟਿੰਗ (ਭਾਰ ਚੁੱਕਣ) ਦਾ ਟੂਰਨਾਮੈਂਟ “ਕੈਲੇਫੋਰਨੀਆਂ ਸਿੱਖ ਯੂਥ ਅਲਾਇੰਸ” ਵੱਲੋਂ ਕਰਵਾਇਆ ਗਿਆ। ਜੋ ਕਿ ਸਮੂੰਹ ਸਿੱਖ ਸ਼ਹੀਦਾਂ ਦੀ ਨਿੱਘੀ ਯਾਦ ਅਤੇ ਸ਼ਹਾਦਤ ਨੂੰ ਸਮਰਪਿਤ ਸੀ। ਇਸ ਸੰਸਥਾ ਵੱਲੋਂ ਕੈਲੇਫੋਰਨੀਆਂ ਵਿੱਚ ਕਰਵਾਇਆ ਜਾਣ ਵਾਲਾ ਇਹ ਚੌਥਾ ਟੂਰਨਾਮੈਂਟ ਸੀ। ਜਿਸ ਵਿਚ ਭਾਰ ਚੁੱਕਣ ਦੇ ਸੌਕੀਨ ਬਹੁ ਗਿਣਤੀ ਵਿੱਚ ਲੜਕੇ, ਲੜਕੀਆਂ ਅਤੇ ਨੌਜਵਾਨਾ ਨੇ ਦੂਰ-ਦੂਰਾਡੇ ਤੋਂ ਪਹੁੰਚ ਕੇ ਨੇ ਭਾਗ ਲਿਆ। ਇਸ ਟੂਰਨਾਮੈਂਟ ਨੂੰ ਵੱਖ-ਵੱਖ ਉਮਰ ਅਤੇ ਭਾਰ ਚੁੱਕਣ ਦੇ ਗਰੁੱਪਾ ਵਿੱਚ ਵੰਡਿਆ ਗਿਆ ਸੀ। ਜਿਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਬੱਚਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਇਸ ਵਿੱਚ ਬਹੁਤ ਜ਼ਿਆਦਾ ਭਾਰ ਚੁੱਕਣ ਦੇ ਸੌਕੀਨਾਂ ਨੇ ਹਿੱਸਾ ਲਿਆ। ਜਿਸ ਕਰਕੇ ਇਹ ਟੂਰਨਾਂਮੈਂਟ ਮਿੱਥੇ ਸਮੇਂ ਤੋਂ ਬਾਅਦ ਵੀ ਕਈ ਘੰਟੇ ਚੱਲਿਆ। ਸਮੂੰਹ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਹੌਸਲਾ ਅਫਜਾਈ ਅਤੇ ਜੇਤੂਆਂ ਨੂੰ ਸਨਮਾਨ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਟੂਰਨਾਮੈਂਟ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵੀ ਸੰਗਤਾਂ ਨੂੰ ਸੰਬੋਧਿਨ ਕੀਤਾ ਅਤੇ ਸਿੱਖਾਂ ਦੇ ਸੰਘਰਸ਼ ਭਰੇ ਇਤਿਹਾਸ ਦੀ ਸਾਂਝ ਪਾਈ। ਇਸ ਟੂਰਨਾਮੈਂਟ ਤੋਂ ਇਲਾਵਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੂੰਹ ਸ਼ਹੀਦਾਂ ਦੀਆਂ ਤਸਵੀਰਾਂ ਦੀ ਪ੍ਰਦਸ਼ਨੀ ਵੀ ਲੱਗੀ ਹੋਈ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਟੀ-ਸਰਟਾਂ ਅਤੇ ਪੁਸਤਕਾਂ ਦੇ ਸਟਾਲ ਵੀ ਲੱਗੇ ਹੋਏ ਸਨ। ਜੋ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਰਹੇ ਸਨ। ਇਸ ਸਮੇਂ ਗੁਰੂਘਰ ਅੰਦਰ ਸਮੂੰਹ ਸੰਗਤਾਂ ਲਈ ਲੰਗਰ ਅਤੁੱਟ ਵਰਤ ਰਹੇ ਸਨ। ਅੰਤ ਕੈਲੇਫੋਰਨੀਆਂ ਸਿੱਖ ਯੂਥ ਅਲਾਇਸ ਦੀ ਸਮੁੱਚੀ ਟੀਮ ਵੱਲੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਅਤੇ ਸਮੂੰਹ ਸੰਗਤ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ।