ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਗਲਾਸਗੋ ਵਿੱਚ ਚੱਲ ਰਹੀ ਕੋਪ 26 ਜਲਵਾਯੂ ਕਾਨਫਰੰਸ ਵਿੱਚ ਵਿਸ਼ਵ ਭਰ ਦੇ ਨੇਤਾ, ਡੈਲੀਗੇਟ ਹਿੱਸਾ ਲੈ ਰਹੇ ਹਨ। ਇਹ ਸਿਖਰ ਸੰਮੇਲਨ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਤਬਾਹੀ ਨੂੰ ਰੋਕਣ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਗੈਸੀ ਉਤਪਾਦਨ ਦੇ ਅੰਕੜਿਆਂ ਅਨੁਸਾਰ ਵਿਸ਼ਵ ਦੇ ਸਭ ਤੋਂ ਵੱਧ ਪ੍ਰਦੂਸ਼ਣ ਪੈਦਾ ਕਰਨ ਵਾਲੇ ਦੇਸ਼ ਇਸ ਜਲਵਾਯੂ ਸੰਮੇਲਨ ਵਿੱਚ ਹਿੱਸਾ ਲੈ ਰਹੇ ਹਨ ਅਤੇ ਇਹ ਸੰਮੇਲਨ ਉਹਨਾਂ ਲਈ ਪ੍ਰਦੂਸ਼ਣ ਘਟਾਉਣ ਦੇ ਲਈ ਕਾਰਵਾਈ ਕਰਨ ਦਾ ਸੰਭਾਵਿਤ ਤੌਰ ‘ਤੇ ਆਖਰੀ ਮੌਕਾ ਹੈ। ਐਤਵਾਰ ਨੂੰ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਨੇ ਚੇਤਾਵਨੀ ਦਿੱਤੀ ਕਿ ਇਹ ਸੰਮੇਲਨ ਸੰਨ 2100 ਤੱਕ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਲਈ ਵਿਸ਼ਵ ਦੀ ਆਖਰੀ ਤੇ ਸਭ ਤੋਂ ਵਧੀਆ ਉਮੀਦ ਹੈ। ਕੋਪ 26 ਦੇ ਉਦਘਾਟਨ ਮੌਕੇ ਬੋਲਦਿਆਂ ਸ਼ਰਮਾ ਨੇ ਕਿਹਾ ਕਿ ‘‘ਜੇ ਅਸੀਂ ਹੁਣ ਕੰਮ ਕਰੀਏ, ਅਤੇ ਮਿਲ ਕੇ ਕੰਮ ਕਰੀਏ, ਤਾਂ ਅਸੀਂ ਆਪਣੇ ਗ੍ਰਹਿ ਦੀ ਰੱਖਿਆ ਕਰ ਸਕਦੇ ਹਾਂ।’’ ਮਾਹਿਰਾਂ ਅਨੁਸਾਰ ਵਾਯੂਮੰਡਲ ਵਿੱਚ ਵਾਧੂ 3O2 ਗ੍ਰੀਨਹਾਉਸ ਪ੍ਰਭਾਵ ਨੂੰ ਵਧਾਉਂਦੀ ਹੈ ਅਤੇ ਧਰਤੀ ਨੂੰ ਗਰਮ ਕਰਦੀ ਹੈ । ਇਸ ਲਈ ਪ੍ਰਦੂਸ਼ਣ ਸਬੰਧੀ ਅੰਕੜਿਆਂ ਅਨੁਸਾਰ ਕੁੱਝ ਦੇਸ਼ ਅਜਿਹੇ ਹਨ ਜੋ ਦੁਨੀਆਂ ਭਰ ਵਿੱਚੋਂ ਜਿਆਦਾ ਕਾਰਬਨ ਡਾਈਆਕਸਾਈਡ ਉਤਪੰਨ ਕਰਦੇ ਹਨ। ਵਰਲਡ ਡੇਟਾ ਦੇ ਅੰਕੜੇ ਦਰਸਾਉਂਦੇ ਹਨ ਕਿ ਸਭ ਤੋਂ ਵੱਧ 3O2 ਨਿਕਾਸੀ ਵਾਲਾ ਦੇਸ਼ ਚੀਨ ਹੈ। ਜਿਸਦਾ 2019 ਵਿੱਚ ਗੈਸੀ ਨਿਕਾਸ 10,175 ਮਿਲੀਅਨ ਟਨ ਸੀ। ਕੁੱਲ ਮਿਲਾ ਕੇ ਚੀਨ ਨੇ 2019 ਵਿੱਚ ਵਿਸ਼ਵ ਦੀਆਂ 27 ਪ੍ਰਤੀਸ਼ਤ ਗ੍ਰੀਨਹਾਉਸ ਗੈਸਾਂ ਦਾ ਨਿਕਾਸ ਕੀਤਾ। ਇਸ ਸੂਚੀ ਵਿਚ ਦੂਜੇ ਨੰਬਰ ‘ਤੇ ਅਮਰੀਕਾ ਸੀ, ਜਿਸ ਨੇ 2019 ਵਿੱਚ 5,258 ਮਿਲੀਅਨ ਟਨ ਗੈਸੀ ਨਿਕਾਸ ਕੀਤਾ, ਜੋ ਕਿ ਵਿਸ਼ਵ ਦੀਆਂ ਗ੍ਰੀਨਹਾਉਸ ਗੈਸਾਂ ਦਾ 11 ਪ੍ਰਤੀਸ਼ਤ ਹੈ। ਜਦਕਿ ਇਸਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ। 2015 ਵਿੱਚ, 192 ਦੇਸ਼ਾਂ ਨੇ ਪੈਰਿਸ ਸਮਝੌਤੇ ‘ਤੇ ਹਸਤਾਖਰ ਕੀਤੇ ਸਨ, ਜਿਸ ਨੇ ਖਤਰਨਾਕ ਜਲਵਾਯੂ ਪਰਿਵਰਤਨ ਤੋਂ ਬਚਣ ਲਈ ਇੱਕ ਗਲੋਬਲ ਫਰੇਮਵਰਕ ਤਿਆਰ ਕੀਤਾ ਸੀ। ਜਿਸ ਤਹਿਤ ਯੂਕੇ ਨੇ 2050 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਦਾ ਟੀਚਾ ਸਰ ਕਰਨ ਦਾ ਵਾਅਦਾ ਕੀਤਾ ਹੈ। ਇਸ ਵਾਅਦੇ ਵਿੱਚ ਈ ਯੂ, ਯੂ ਐਸ ਏ ਅਤੇ ਗੈਂਬੀਆ ਆਦਿ ਵੀ ਸ਼ਾਮਲ ਹਨ। ਜਦਕਿ ਚੀਨ ਨੇ 2060 ਤੱਕ ਨੈੱਟ-ਜ਼ੀਰੋ ਤੱਕ ਪਹੁੰਚਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਰੂਸ ਅਤੇ ਭਾਰਤ ਵੀ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਨੁਸਾਰ ਜਲਵਾਯੂ ਪਰਿਵਰਤਨ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ।
Boota Singh Basi
President & Chief Editor