– ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਪ੍ਰਬੰਧਾਂ ਦਾ ਲਿਆ ਜਾਇਜ਼ਾ
– ਵਾਇਰਸ ਦੇ ਫੈਲਾਅ ਨਾਲ ਨਜਿੱਠਣ ਲਈ ਸੂਬੇ ਕੋਲ ਡਾਕਟਰਾਂ, ਮੈਡੀਕਲ ਸਟਾਫ ਦੀ ਕੋਈ ਕਮੀ ਨਹੀਂ ਹੈ : ਡਾਕਟਰ ਬਲਬੀਰ ਸਿੰਘ
– ਰਾਜ ਵਿੱਚ ਕੋਵਿਡ ਦੀ ਤਿਆਰੀ ਨੂੰ ਯਕੀਨੀ ਬਣਾਉਣ ਲਈ ਮੌਕ ਡਰਿੱਲ ਦਾ ਕੀਤਾ ਜਾਵੇਗਾ ਆਯੋਜਨ
ਸਿਹਤ ਮੰਤਰੀ ਨੇ ਲੋਕਾਂ ਨੂੰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਦੀ ਕੀਤੀ ਅਪੀਲ
ਚੰਡੀਗੜ/ਪਟਿਆਲਾ, 5 ਅਪ੍ਰੈਲ:
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਦੇ ਮਾਮਲਿਆਂ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲਣ ਦੇ ਨਾਲ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।
ਸਿਹਤ ਮੰਤਰੀ, ਜੋ ਅੱਜ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ੇ ਕੋਵਿਡ ਆਈਸੋਲਟਿਡ ਵਾਰਡ ਦੇ ਮੈਡੀਕਲ ਬੁਨਿਆਦੀ ਢਾਂਚੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਹੋਏ ਸਨ, ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਲੋੜੀਂਦੇ ਬੈੱਡਾਂ ਦੀ ਸਮਰੱਥਾ ਅਤੇ ਵੈਂਟੀਲੇਟਰਾਂ ਦੇ ਨਾਲ-ਨਾਲ ਸਾਰੇ ਢੁਕਵੇਂ ਪ੍ਰਬੰਧਾਂ ਨਾਲ ਪੂਰੀ ਤਰਾਂ ਤਿਆਰ ਹੈ। ਇਸ ਤੋਂ ਇਲਾਵਾ ਵਾਇਰਸ ਦੇ ਹੋਰ ਫੈਲਾਅ ਨਾਲ ਨਜਿੱਠਣ ਲਈ ਸਾਡੇ ਕੋਲ ਪੀ.ਪੀ.ਈ. ਕਿੱਟਾਂ, ਮਾਸਕ ਅਤੇ ਟੈਸਟਿੰਗ ਕਿੱਟਾਂ ਵੀ ਉਪਲਬਧ ਹਨ।
ਉਨਾਂ ਕਿਹਾ ਕਿ ਸਰਕਾਰ ਕੋਲ ਲੋੜੀਂਦੇ ਡਾਕਟਰ ਅਤੇ ਮੈਡੀਕਲ ਸਟਾਫ ਦੇ ਨਾਲ- ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਆਕਸੀਜਨ ਪਲਾਂਟ ਅਤੇ ਐਮਰਜੈਂਸੀ ਸਿਸਟਮ ਪੂਰੀ ਤਰਾਂ ਕਾਰਜਸ਼ੀਲ ਹਨ।
ਹਾਲਾਂਕਿ ਸਥਿਤੀ ਕਾਬੂ ਵਿੱਚ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਡਾ ਬਲਬੀਰ ਸਿੰਘ ਨੇ ਲੋਕਾਂ ਨੂੰ ਫਿਰ ਵੀ ਇਹਤਿਆਤਨ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਕੋਰੋਨਵਾਇਰਸ ਨੂੰ ਰੋਕਣ ਲਈ ਵਾਰ-ਵਾਰ ਹੱਥ ਧੋਣ ਸਮੇਤ ਸਿਹਤ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਉਨਾਂ ਕਿਹਾ, “ਲੋਕਾਂ, ਖਾਸਕਰ ਜਿਨਾਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘੱਟ ਹੈ ਜਾਂ ਕੋਵਿਡ ਦੇ ਲੱਛਣ ਜਿਵੇਂ ਜੁਕਾਮ ਜਾਂ ਖੰਘ ਲੱਗ ਰਹੇ ਹਨ, ਨੂੰ ਆਪਣਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਜਦੋਂ ਤੱਕ ਕੋਈ ਜਰੂਰੀ ਕੰਮ ਨਾ ਹੋਵੇ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।” ਉਨਾਂ ਅੱਗੇ ਕਿਹਾ ਕਿ ਜਦੋਂ ਵੀ ਉਹ ਆਪਣੇ ਘਰੋਂ ਬਾਹਰ ਨਿਕਲਣ ਤਾਂ ਲਾਜ਼ਮੀ ਮਾਸਕ ਪਹਿਨ ਕੇ ਹੀ ਬਾਹਰ ਜਾਣ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਿਹਤ ਵਿਭਾਗ ਵੱਲੋਂ 10-11 ਅਪ੍ਰੈਲ ਨੂੰ ਸੂਬੇ ਵਿੱਚ ਕੋਵਿਡ ਸਬੰਧੀ ਤਿਆਰੀਆਂ ਨੂੰ ਯਕੀਨੀ ਬਣਾਉਣ ਲਈ ਮੌਕ ਡਰਿੱਲ ਕਰਵਾਈ ਜਾਵੇਗੀ।
ਇਸ ਦੌਰਾਨ ਸਿਹਤ ਮੰਤਰੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ।