ਬੰਗਾ : 12 ਮਈ ਪੰਜਾਬ ਦੇ ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਅੱਜ ਕੌਮਾਂਤਰੀ ਨਰਸਿੰਗ ਡੇਅ ਮਨਾਇਆ ਗਿਆ। ਇਸ ਮੌਕੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵੱਲੋਂ ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਟਰੱਸਟ ਦੇ ਉਦੱਮਾਂ ਅਤੇ ਕੈਨੇਡਾ ਇੰਡੀਆ ਐਜ਼ੂਕੇਸ਼ਨਲ ਸੁਸਾਇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਜੀ.ਐਨ.ਐਮ. ਨਰਸਿੰਗ ਅਤੇ ਬੀ.ਐਸ.ਸੀ. ਨਰਸਿੰਗ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਅਤੇ ਪੜ੍ਹਨ ਵਿਚ ਹੁਸ਼ਿਆਰ ਲੋੜਵੰਦ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਆਰਥਿਕ ਮਦਦ ਕਰਨ ਵਾਸਤੇ ਸਲਾਨਾ 7,40,000/- (ਸੱਤ ਲੱਖ ਚਾਲੀ ਹਜ਼ਾਰ ਰੁਪਏ) ਦੀਆਂ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਦੇਣ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਨਰਸਿੰਗ ਡੇਅ ਸਮਾਗਮ ਦੇ ਮੁੱਖ ਮਹਿਮਾਨਾਂ ਹਰਦੇਵ ਸਿੰਘ ਕਾਹਮਾ ਪ੍ਰਧਾਨ ਟਰੱਸਟ ਅਤੇ ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ ਨੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਆਰਭੰਤਾ ਕੀਤੀ। ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ ਨੇ ਨਰਸਿੰਗ ਦੀ ਮੋੋਢੀ ਫਲੋਰੈਂਸ ਨਾਈਟਿੰਗਲ ਨੂੰ ਯਾਦ ਕੀਤਾ ਅਤੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਕੌਮਾਂਤਰੀ ਨਰਸਿੰਗ ਡੇਅ ਦੀਆਂ ਵਧਾਈਆਂ। ਇਹਨਾਂ ਖੁਸ਼ੀ ਭਰੇ ਪਲਾਂ ਵਿਚ ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਪ੍ਰਾਪਤ ਕਰਨ ਲਈ ਵਧੀਆਂ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ।
ਇਸ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੇ ਕੌਮਾਂਤਰੀ ਨਰਸਿੰਗ ਹਫਤੇ ਦੌਰਾਨ ਕਵਿਤਾ, ਰੰਗੋਲੀ, ਪੋਸਟਰ ਮੇਕਿੰਗ ਆਦਿ ਮੁਕਾਬਲੇ ਤੇ ਹੋਰ ਪ੍ਰਤੀਯੋਗਤਾਵਾਂ ਵਿਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੇ ਵਿਦਿਆਰਥੀਆਂ ਨੂੰ ਨਰਸਿੰਗ ਡੇਅ ਦੀ ਵਧਾਈ ਦਿੰਦੇ ਹੋਏ ਮੈਡਮ ਫਲੋਰੈਂਸ ਨਾਇਟੈਂਗਲ ਦੀ ਜੀਵਨੀ ’ਤੇ ਚਾਨਣਾ ਪਾਇਆ। ਪ੍ਰਿੰਸੀਪਲ ਸਾਹਿਬ ਨੇ ਨਰਸਿੰਗ ਵਿਦਿਆਰਥੀਆਂ ਲਈ 7,40,000/- (ਸੱਤ ਲੱਖ ਚਾਲੀ ਹਜ਼ਾਰ ਰੁਪਏ) ਦੀਆਂ ਸਕਾਲਰਸ਼ਿੱਪਾਂ ਅਤੇ ਬਰਸਰੀਜ਼ ਦੇਣ ਲਈ ਸਮੂਹ ਕਾਲਜ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ। ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਕਾਲਜ ਪ੍ਰਬੰਧਕ ਟਰੱਸਟ ਵੱਲੋਂ ਕੈਨੇਡਾ ਇੰਡੀਆ ਐਜ਼ੂਕੇਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਦਿੱਤੀਆਂ ਜਾਣ ਵਾਲੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਕਿਹਾ ਇਹਨਾਂ ਸਕਾਲਰਸ਼ਿਪਾਂ ਅਤੇ ਬਰਸਰੀਜ਼ ਨਾਲ ਜਿੱਥੇ ਨਰਸਿੰਗ ਵਿਦਿਆਰਥੀਆਂ ਵਿਚ ਪੜ੍ਹਾਈ ਦਾ ਉਤਸ਼ਾਹ ਵਧੇਗਾ, ਉੱਥੇ ਨਰਸਿੰਗ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਇਕ ਇਹ ਨਵਾਂ ਮੀਲ ਪੱਥਰ ਸਾਬਤ ਹੋਵੇਗਾ । ਇਸ ਸਮਾਗਮ ਵਿੱਚ ਕਾਲਜ ਵਿਚ ਦਾਖਲ ਨਵੇਂ ਵਿਦਿਆਰਥੀਆਂ ਵੱਲੋਂ ਨਰਸਿੰਗ ਦੀ ਸੁੰਹ ਵੀ ਚੁੱਕੀ ਗਈ। ਨਰਸਿੰਗ ਵਿਦਿਆਰਥੀਆਂ ਵੱਲੋਂ ਪੇਸ਼ ਸਭਿਆਚਾਰਕ ਪੇਸ਼ਕਾਰੀਆਂ ਨੇ ਸਭ ਸਰੋਤਿਆ ਦਾ ਮਨ ਮੋਹ ਲਿਆ । ਇਸ ਮੌਕੇ ਹਰਦੇਵ ਸਿੰਘ ਕਾਹਮਾ ਪ੍ਰਧਾਨ, ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ , ਡਾ. ਬਲਵਿੰਦਰ ਸਿੰਘ ਡਿਪਟੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ, ਵਾਈਸ ਪ੍ਰਿੰਸੀਪਲ ਰਮਨਦੀਪ ਕੌਰ, ਮੈਡਮ ਸੁਖਮਿੰਦਰ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਪੂਜਾ ਰਾਣੀ, ਮੈਡਮ ਸਰਬਜੀਤ ਕੌਰ, ਮੈਡਮ ਰੀਤੂ ਰਾਣੀ, ਮੈਡਮ ਸੰਦੀਪ ਕੌਰ, ਮੈਡਮ ਰਾਬੀਆ ਹਾਟਾ, ਮੈਡਮ ਜਸਵੀਰ ਕੌਰ, ਮੈਡਮ ਜਸਪ੍ਰੀਤ ਕੌਰ, ਸਮੂਹ ਨਰਸਿੰਗ ਕਾਲਜ ਸਟਾਫ ਅਤੇ ਸਮੂਹ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਕੌਮਾਂਤਰੀ ਨਰਸਿੰਗ ਡੇਅ ਮੌਕੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਲਈ 7 ਲੱਖ 40 ਹਜ਼ਾਰ ਰੁਪਏ ਦੀਆਂ ਸਕਾਲਰਸ਼ਿੱਪ ਅਤੇ ਬਰਸਰੀਜ਼ ਦੇਣ ਦਾ ਐਲਾਨ ਕਰਨ ਮੌਕੇ ਦੀ ਯਾਦਗਾਰੀ ਤਸਵੀਰ
Boota Singh Basi
President & Chief Editor