ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸੂਬਾ ਪੱਧਰੀ ਵਿਸ਼ਾਲ ਕਿਸਾਨ-ਮਜਦੂਰ ਪੰਚਾਇਤ
ਝੋਨੇ ਦਾ ਦਾਣਾ ਦਾਣਾ ਖਰੀਦਣ ਦਾ ਤਰੁੰਤ ਪ੍ਰਬੰਧ ਕਰੇ ਸਰਕਾਰ: ਡਾ. ਦਰਸ਼ਨਪਾਲ
ਦਲਜੀਤ ਕੌਰ
ਗੁਰੂਹਰਸਹਾਏ, 25 ਸਤੰਬਰ, 2024: ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਗੁਰੂਹਰਸਹਾਏ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਕਿਸਾਨ ਮਜਦੂਰ ਪੰਚਾਇਤ ਕੀਤੀ ਗਈ, ਜਿਸ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਇਲਾਵਾ ਦਲਿਤ ਅਤੇ ਮਜਦੂਰ ਮੁਕਤੀ ਮੋਰਚਾ ਪੰਜਾਬ, ਟੇਕਨੀਕਲ ਸਰਵਿਸ ਯੂਨੀਅਨ, ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਪੈਨਸ਼ਨਰ ਐਸੋਸੀਏਸ਼ੀਨ, ਵੇਰਕਾ ਮਿਲਕ ਪਲਾਂਟ ਵਰਕਰ ਯੂਨੀਅਨ, ਆੜ੍ਹਤੀਆ ਐਸੋਸੀਏਸ਼ਨ ਗੁਰੂਹਰਸਹਾਏ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਜੋਸ਼ੀਲੇ ਨਾਹਰਿਆ ਨਾਲ ਸਰਕਾਰ ਖਿਲਾਫ਼ ਆਵਾਜ਼ ਬੁਲੰਦ ਕੀਤੀ।
ਇਸ ਮੌਕੇ ਕਿਸਾਨ ਮਜਦੂਰ ਪੰਚਾਇਤ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਝੋਨੇ ਅਤੇ ਬਾਸਮਤੀ ਦਾ ਦਾਣਾ ਦਾਣਾ ਖਰੀਦਣ ਦਾ ਤਰੁੰਤ ਪ੍ਰਬੰਧ ਕਰੇ, ਨਹੀਂ ਤਾਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਰਲਕੇ ਤਿੱਖਾ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਕਿ ਅੱਜ ਦੀ ਪੰਚਾਇਤ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਤੇ ਲਕੀਰ ਫੇਰਨ, ਐੱਮ ਐੱਸ ਪੀ ਦਾ ਗਾਰੰਟੀ ਕਾਨੂੰਨ ਬਣਾਓ, ਝੋਨੇ ਦੀ ਪਰਾਲੀ ਦੇ ਪਰਚੇ ਨਹੀਂ ਪੱਕਾ ਹੱਲ ਦਿਓ, ਐੱਨ ਆਈ ਏ ਵਰਗੀਆਂ ਏਜੰਸੀਆਂ ਦਾ ਪੰਜਾਬ ਵਿੱਚ ਦਖਲ ਬਿਲਕੁਲ ਬੰਦ ਕੀਤਾ ਜਾਵੇ, ਨਵੇਂ ਫੌਜਦਾਰੀ ਕਾਨੂੰਨ ਰਹੀ ਲੋਕਾਂ ਦੀ ਆਵਾਜ ਦਬਾਉਣੀ ਬੰਦ ਕਰਕੇ ਲੋਕ ਵਿਰੋਧੀ ਕਾਨੂੰਨ ਰੱਦ ਕੀਤੀ ਜਾਵੇ, ਹਰ ਖੇਤ ਤੱਕ ਨਹਿਰੀ ਪਾਣੀ ਅਤੇ ਹਰ ਘਰ ਤੱਕ ਪੀਣ ਲਈ ਸਾਫ ਪਾਣੀ ਪਹੁੰਚਦਾ ਕੀਤੀ ਜਾਵੇ, ਮਜਦੂਰਾ ਨੂੰ ਮਨਰੇਗਾ ਅਧੀਨ ਸਾਰਾ ਸਾਲ ਕੰਮ ਮਿਲੇ, ਬਿਜਲੀ ਵਿਭਾਗ ਦਾ ਨਿੱਜੀਕਰਨ ਬੰਦ ਕਰਕੇ ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਆਦਿ ਸਰਕਾਰ ਤੋਂ ਮੰਗਾ ਕੀਤੀਆਂ ਗਈਆਂ ਹਨ।
ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ, ਹਰਿੰਦਰ ਸਿੰਘ ਚਰਨਾਂਰਥਲ, ਰੇਸ਼ਮ ਸਿੰਘ ਮਿੱਡਾ, ਗੁਰਮੀਤ ਸਿੰਘ ਪੋਜੋਕੇ, ਸੁਰਿੰਦਰ ਲਾਧੂਕਾ, ਪ੍ਰਵੀਨ ਕੌਰ ਬਾਜੇਕੇ, ਨਰੇਸ਼ ਸੇਠੀ, ਸ਼ੇਰ ਸਿੰਘ ਫੱਤੂਵਾਲਾ, ਮਲਕੀਤ ਸਿੰਘ ਹਰਾਜ, ਜੁਗਰਾਜ ਸਿੰਘ ਟੱਲੇਵਾਲਾ, ਗੁਰਮੀਤ ਸਿੰਘ ਮਹਿਮਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ।