ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ

0
124
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪੰਜਾਬ ਭਰ ‘ਚ ਮਨਾਇਆ ਗਿਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ
ਦਲਜੀਤ ਕੌਰ
ਚੰਡੀਗੜ੍ਹ, 3 ਮਈ, 2024: ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਸੂਬਾ ਪੱਧਰੀ ਸੱਦੇ ਤਹਿਤ  ਜ਼ਿਲ੍ਹਾ ਸੰਗਰੂਰ, ਗੁਰਦਾਸਪੁਰ ਮੋਗਾ, ਪਟਿਆਲਾ, ਮਾਨਸਾ ‘ਚ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਮਨਾਇਆ ਗਿਆ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਅਤੇ ਸੂਬਾ ਸਕੱਤਰ ਧਰਮਪਾਲ ਸਿੰਘ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਹਾੜਾ ਬਲਾਕ ਸੰਗਰੂਰ ਦੇ ਬਲਾਕਾਂ ਧੂਰੀ, ਸੁਨਾਮ, ਸੰਗਰੂਰ, ਦਿੜ੍ਹਬਾ, ਪਟਿਆਲਾ ਬਲਾਕ ਦੇ ਪਿੰਡਾਂ, ਮਾਨਸਾ ਬਲਾਕ, ਮੋਗਾ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਦੋਰਾਂਗਲਾ ਬਲਾਕ ਦੇ ਪਿੰਡਾਂ ਵਿਚ ਮਨਾਇਆ ਗਿਆ। ਜਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕਾਂ ਦੇ ਪਿੰਡਾਂ ਵਿੱਚ 20 ਅਪ੍ਰੈਲ ਤੋਂ ਮਜ਼ਦੂਰ ਜਮਾਤ ਦੀ ਮੁਕਤੀ ਦੇ ਰਾਹ ਦਰਸਾਵੇ ਕਾਰਲ ਮਾਰਕਸ ਦੇ ਜਨਮ ਦਿਹਾੜੇ 5 ਮਈ ਤੱਕ ਚੇਤਨਾ ਮੁਹਿੰਮ ਤਹਿਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸਨਅਤੀ ਵਿਕਾਸ ਤਹਿਤ  ਹੌਂਦ ਵਿੱਚ ਆਈਆਂ ਫੈਕਟਰੀਆਂ/ਕਾਰਖਾਨਿਆਂ ਆਦਿ ਵਿੱਚ ਮਜ਼ਦੂਰਾਂ ਦੀ ਹੁੰਦੀ ਲੁੱਟ ਖ਼ਿਲਾਫ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਪੂਰੀ ਦੁਨੀਆਂ ਅੰਦਰ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ। ਭਾਰਤ ਦੀ ਗੱਲ ਕਰੀਏ ਤਾਂ 1947 ਦੀ ਅਖੌਤੀ ਆਜ਼ਾਦੀ ਤੋਂ ਬਾਅਦ ਪੰਜਾਬ ਦੋ ਫਾੜ ਹੋ ਗਿਆ। ਪੂਰਬੀ ਪੰਜਾਬ (ਭਾਰਤ ਦੇ ਕੁੱਝ ਖੇਤਰਾਂ ਸਮੇਤ) ਹਰੇ ਇਨਕਲਾਬ ਦੇ ਅਮਰੀਕੀ ਸਾਮਰਾਜੀ ਮਾਡਲ ਨੂੰ ਲਾਗੂ ਕੀਤਾ। ਇਸ ਮਾਡਲ ਨੇ ਲੁਟੇਰਿਆਂ ਦੀ ਮੁਨਾਫੇ ਦੀਆਂ ਜ਼ਰੂਰਤਾਂ ਮੁਤਾਬਕ ਅੰਨੇਵਾਹ ਮਸ਼ੀਨੀਕਰਨ ਕਰਵਾਇਆ। ਮਜ਼ਦੂਰਾਂ ਦੇ ਰੁਜ਼ਗਾਰ ਤੇ ਭਿਆਨਕ ਸੱਟ ਵੱਜੀ। ਪੰਜਾਬ ਵਿੱਚ ਅਪੰਗ ਕਿਸਮ ਦਾ ਹੋਇਆ ਉਦਯੋਗੀਕਰਨ ਵੀ 1990 ਵਿਆਂ ਦੀ ਆਰਥਿਕ ਨੀਤੀਆਂ ਦੇ ਚਲਦਿਆਂ ਹੌਲੀ-ਹੌਲੀ ਦਮ ਤੋੜਨ ਲੱਗਾ। ਪੰਜਾਬ ਦੇ ਮਾਲਵਾ ਖੇਤਰ ਦੀਆਂ ਸੂਤੀ ਮਿਲਾਂ ਦਾ ਹਸ਼ਰ ਕਿਸੇ ਨੂੰ ਭੁਲਿਆ ਨਹੀਂ, ਘੀ ਮਿਲਾਂ ਦਾ ਭੋਗ ਪਾ ਦਿੱਤਾ ਗਿਆ, ਲੋਹਾ ਉਦਯੋਗ ਦੇ ਸੈਂਟਰ ਤਬਾਹੀ ਦੇ ਕੰਢੇ ਤੇ ਹਨ, ਖੰਡ ਮਿੱਲ ਉਦਯੋਗ ਵੀ ਘਟਦੇ ਜਾ ਰਹੇ ਹਨ। ਇਹੋ ਕਾਰਨ ਹੈ ਕਿ ਮਜ਼ਦੂਰ ਉਹੜ-ਪੋਹੜ ਦੀ ਜ਼ਿੰਦਗੀ ਬਤੀਤ ਕਰਦੇ ਹੋਏ ਹਾਸ਼ੀਆਗ੍ਰਸਤ ਹਨ। ਪਿੰਡਾਂ ਵਿੱਚ ਖੇਤ ਮਜ਼ਦੂਰ ਅੱਜ ਤੱਕ ਵੀ ਹਰੇਕ ਤਰ੍ਹਾਂ ਦੇ ਪੈਦਾਵਾਰੀ ਸਾਧਨਾਂ ਤੋਂ ਵਾਂਝੇ ਹਨ। ਹਿੰਦੂਤਵੀ ਫਾਸ਼ੀਵਾਦ ਹਕੂਮਤ ਵੱਲੋਂ ਫਿਜਾ ਵਿੱਚ ਧਾਰਮਿਕ ਘੱਟ ਗਿਣਤੀ ਖਿਲਾਫ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਹੈ, ਤਾਂ ਜੋ ਲੋਕਾਂ ਦਾ ਧਿਆਨ ਅਸਲ ਮੁੱਦਿਆਂ (ਕੁੱਲੀ, ਗੁੱਲੀ ਅਤੇ ਜੁੱਲੀ) ਤੋਂ ਭਟਕਾਇਆ ਜਾਵੇ।
ਆਗੂਆਂ ਨੇ ਅੱਗੇ ਕਿਹਾ ਕਿ ਕੇਂਦਰ ਸਮੇਤ ਪੰਜਾਬ ਸਰਕਾਰ ਨੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕਰ ਦੇਣ ਅਤੇ ਹੋਰ ਮਿਲੀਆਂ ਸਹੂਲਤਾਂ ਖੋਹ ਕੇ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਨਾਲ ਦਗਾ ਕਮਾਇਆ ਹੈ। ਇਸ ਲਈ ਮਈ ਦਿਵਸ ਅਤੇ ਮਜ਼ਦੂਰ ਜਮਾਤ ਦੀ ਮੁਕਤੀ ਦੇ ਰਹਿਬਰ ਕਾਰਲ ਮਾਰਕਸ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਮਸ਼ੀਨੀਕਰਨ ਕਿਰਤ ਮੁੱਖੀ ਅਤੇ ਰੁਜ਼ਗਾਰ ਮੁੱਖੀ ਕਰਨ ,ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖਤਮ ਕਰਨ ਲਈ, ਵੋਟ ਬਟੋਰੂ (ਸੰਸਦੀ, ਵਿਧਾਨ ਸਭਾ ਅਤੇ ਅਜਿਹੇ ਹੋਰ ਅਦਾਰਿਆਂ ਰਾਂਹੀ ) ਲਾਰੇ- ਲੱਪਿਆਂ ਦੀ ਸਿਆਸਤ ਨੂੰ ਤਿਲਾਂਜਲੀ ਦੇ ਕੇ ਏਕੇ ਅਤੇ ਸੰਘਰਸ਼ਾਂ ਰਾਹੀਂ ਲੋਕ ਲਹਿਰ ਉਸਾਰਨ ਦੇ ਰਾਹ ਪਈਏ।

LEAVE A REPLY

Please enter your comment!
Please enter your name here