ਸੰਗਰੂਰ, (ਦਲਜੀਤ ਕੌਰ ਭਵਾਨੀਗੜ੍ਹ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹਾ ਸੰਗਰੂਰ ਵਿਖੇ ਪੰਜ ਪੰਜ ਮਰਲੇ ਪਲਾਟ ਵੰਡਣ ਸਬੰਧੀ ਜਾਰੀ ਹੋਈ ਹਦਾਇਤਾਂ ਦੀ ਪੰਚਾਇਤਾਂ ਵੱਲੋਂ ਉਲੰਘਣਾ, ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਕਰਨ ਖ਼ਿਲਾਫ਼ ਬਨਾਸਰ ਬਾਗ ਵਿਖੇ ਠਾਠਾਂ ਮਾਰਦੇ ਇਕੱਠ ਉਪਰੰਤ ਸ਼ਹਿਰ ‘ਚ ਰੋਸ ਮਾਰਚ ਕਰਕੇ ਡੀ ਸੀ ਦਫ਼ਤਰ ਸੰਗਰੂਰ ਅੱਗੇ ਧਰਨਾ ਲਾਇਆ ਗਿਆ। ਰੋਸ ਮਾਰਚ ਤੇ ਧਰਨੇ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਆਗੂ ਧਰਮਪਾਲ ਸਿੰਘ, ਸੂਬਾ ਆਗੂ ਬਲਵਿੰਦਰ ਜਲੂਰ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੋ ਪੇਂਡੂ ਤੇ ਪੰਚਾਇਤੀ ਵਿਭਾਗ ਦੇ ਡਾਇਰੈਕਟਰ ਮਨਪ੍ਰਰੀਤ ਛਤਵਾਲ ਵੱਲੋਂ ਜੋ ਲੋੜਵੰਦਾਂ/ਬੇਜ਼ਮੀਨਿਆਂ ਨੂੰ ਪਿੰਡਾਂ ‘ਚ ਗ੍ਰਾਮ ਸਭਾ ਦਾ ਅਜਲਾਸ ਬੁਲਾ ਕੇ ਪੰਜ-ਪੰਜ ਮਰਲੇ ਪਲਾਟ ਵੰਡਣ ਸੰਬੰਧੀ ਹਦਾਇਤਾਂ ਜਾਰੀ ਹੋਈਆਂ ਹਨ ਕਿ ਜਿਹੜਾ ਲੜਕਾ/ਲੜਕੇ ਪਰਿਵਾਰ ‘ਚੋਂ ਵਿਆਹਿਆ/ਵਿਆਹੇ ਜਾਂਦਾ/ਜਾਂਦੇ ਹਨ ਜਾਂ ਉਹ ਪਰਿਵਾਰਕ ਤੌਰ ਤੇ ਅਲੱਗ ਯੂਨਿਟ ਬਣਦਾ/ਬਣਦੇ ਹਨ। ਉਹ ਪੰਜ ਮਰਲੇ ਪਲਾਟ ਦੇ ਹੱਕਦਾਰ ਬਣਦੇ ਹਨ ਪਰ ਪਿੰਡਾਂ ‘ਚ ਕਿਤੇ ਵੀ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ, ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ , ਨਿਯਮਾਂ ਮੁਤਾਬਕ ਗਰਾਮ ਸਭਾ ਦੇ ਇਜਲਾਸ ਨਹੀਂ ਸੱਦੇ ਜਾ ਰਹੇ ਹਨ, ਮਹਿਜ਼ ਖਾਨਾ ਪੂਰਤੀ ਕੀਤੀ ਜਾ ਰਹੀ ਹੈ, ਇਹ ਪੰਜ ਪੰਜ ਮਰਲੇ ਪਲਾਟਾਂ ਦੇ ਹੱਕਦਾਰਾਂ ਦੇ ਹੱਕਾਂ ਤੇ ਪੈ ਰਹੇ ਡਾਕੇ ਲਈ ਜੋ ਵੀ ਜਿੰਮੇਵਾਰ ਹਨ, ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਗ੍ਰਾਮ ਸਭਾ ਦੇ ਅਜਲਾਸ ਨਿਯਮਾਂ ਮੁਤਾਬਕ ਮੁਨਿਆਦੀ ਕਰਵਾ ਕੇ ਕਰਵਾਏ ਜਾਣਾ ਯਕੀਨੀ ਬਣਾਇਆ ਜਾਵੇ। ਜੋ ਗਰਾਮ ਸਭਾ ਦੇ ਅਜਲਾਸ 2 ਅਕਤੂਬਰ ਤੋਂ 5 ਅਕਤੂਬਰ ਤੱਕ ਸੱਦਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ ਉਹ ਅਣਉਚਿਤ ਹੈ , ਇਸ ਲਈ ਗਰਾਮ ਸਭਾ ਦੇ ਪੰਜ ਪੰਜ ਮਰਲੇ ਦੇ ਪਲਾਟਾਂ ਦੇ ਅਜਲਾਸ ਸੰਬੰਧੀ ਤਾਰੀਖ ਦਸੰਬਰ ਦੇ ਅਖੀਰ ਤੱਕ ਵਧਾਈ ਜਾਵੇ। ਇਸ ਮੌਕੇ ਧਰਨੇ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ, ਰਾਜ ਖੋਖਰ, ਇਲਾਕਾ ਆਗੂ ਅਮਰਜੀਤ ਸਿੰਘ ਬੇਨੜਾ, ਬੂਟਾ ਸਿੰਘ ਗੁੱਜਰਾਂ, ਕਰਮਜੀਤ ਕੌਰ ਉੱਪਲੀ , ਬਲਵਿੰਦਰ ਈਸੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਮੇਜਰ ਸਿੰਘ ਉੱਪਲੀ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਪੱਲੇਦਾਰ ਆਜ਼ਾਦ ਦੇ ਆਗੂ ਰਾਮਪਾਲ ਮੂਨਕ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਬਾਖੂਬੀ ਨਿਭਾਈ। ਇਨਕਲਾਬੀ ਗੀਤ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਸੰਗੀਤ ਮੰਡਲੀ, ਬਿੱਲੂ ਸਿੰਘ ਨਮੋਲ‘ ਮੇਜਰ ਸਿੰਘ ਉੱਪਲੀ, ਗੁਰਪ੍ਰਰੀਤ ਸਿੰਘ ਉੱਪਲੀ, ਹਮੀਰ ਸਿੰਘ ਅੜਕਵਾਸ ਆਦਿ ਨੇ ਪੇਸ਼ ਕੀਤੇ।
Boota Singh Basi
President & Chief Editor