ਕੱਚੇ, ਠੇਕਾ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਜਲੰਧਰ ਵਿਖੇ ਵਿਸ਼ਾਲ ਰੈਲੀ ਅਤੇ ਚੱਕਾ ਜਾਮ

0
399

* ਚੰਨੀ ਸਰਕਾਰ ਦੁਆਰਾ ਬਣਾਏ ਕਾਨੂੰਨ ਨਾਲ ਕੋਈ ਵੀ ਕੱਚਾ ਮੁਲਾਜ਼ਮ ਨਹੀਂ ਹੋਇਆ ਪੱਕਾ
ਜਲੰਧਰ, (ਦਲਜੀਤ ਕੌਰ ਭਵਾਨੀਗੜ੍ਹ)-ਮਾਣ-ਭੱਤਾ ਵਰਕਰਾਂ ‘ਤੇ ਘੱਟੋ-ਘੱਟ ਉਜਰਤਾਂ ਲਾਗੂ ਨਾ ਕੀਤੇ ਜਾਣ ਅਤੇ ਕੱਚੇ ਮੁਲਾਜ਼ਮ ਪੱਕੇ ਨਾ ਕਰਨ ਦੇ ਰੋਸ ਵਿੱਚ ‘ਮਾਣ-ਭੱਤਾ, ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ’ ਵੱਲੋਂ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸੂਬਾ ਪੱਧਰੀ ਰੈਲੀ ਕਰਨ ਉਪਰੰਤ ਜੀ.ਟੀ. ਰੋਡ ਲੱਗਭੱਗ ਇੱਕ ਘੰਟਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਕਨਵੀਨਰਾਂ ਪਰਮਜੀਤ ਕੌਰ ਮਾਨ, ਬਲਬੀਰ ਸਿੰਘ ਸਿਵੀਆਂ, ਲਖਵਿੰਦਰ ਕੌਰ ਫਰੀਦਕੋਟ ਅਤੇ ਪਰਵੀਨ ਸ਼ਰਮਾਂ ਨੇ ਕਿਹਾ ਕਿ ਉਹ ਪਿਛਲੇ ਲੰਮੇਂ ਸਮੇਂ ਤੋਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਤਨਖਾਹ ਵਿੱਚ ਘੱਟੋ-ਘੱਟ ਉਜਰਤਾਂ ਕਾਨੂੰਨ ਤਹਿਤ ਵਾਧਾ ਕਰਵਾਉਣ ਅਤੇ ਜੰਗਲਾਤ ਵਰਕਰਾਂ, ਐੱਨ.ਐੱਚ.ਐੱਮ. ਵਿੱਚ ਕੰਮ ਕਰਦੀਆਂ ਸਟਾਫ਼ ਨਰਸਾਂ ਤੇ ਹੋਰ ਵਰਕਰਾਂ, ਮਿਡ ਡੇ ਮੀਲ ਦਫ਼ਤਰੀ ਮੁਲਾਜ਼ਮਾਂ, ਕਸਤੂਰਬਾ ਗਾਂਧੀ ਹੋਸਟਲਾਂ ਦੇ ਮੁਲਾਜ਼ਮਾਂ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ ਤੇ ਆਊਟਸੋਰਸ ਮੁਲਾਜਮਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਸਮੇਤ ਸਮੂਹ ਕੱਚੇ, ਠੇਕਾ ਆਧਾਰਿਤ ਤੇ ਆਊਟਸੋਰਸ ਮੁਲਾਜਮਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਹੁਣ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਦੀ ਮੰਗਾਂ ‘ਤੇ ਕੋਈ ਠੋਸ ਹੁੰਗਾਰਾ ਦਿੱਤਾ ਗਿਆ ਹੈ। ਉਹਨਾਂ ਆਖਿਆ ਕਿ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਅਜੇ ਤੱਕ ਇੱਕ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਕੋਨੇ ਕੋਨੇ ਵਿੱਚ 36000 ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰ ਲਗਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਮੋਰਚੇ ਦੇ ਆਗੂਆਂ ਮਮਤਾ ਸ਼ਰਮਾਂ, ਸਰਬਜੀਤ ਕੌਰ ਮਚਾਕੀ, ਰਛਪਾਲ ਸਿੰਘ ਜੋਧਾਨਗਰੀ, ਸਤਨਾਮ ਸਿੰਘ ਕਜੌਲੀ, ਸੰਦੀਪ ਸ਼ਰਮਾਂ ਜਲ ਸਪਲਾਈ, ਸੰਜੂ ਸਿੰਘ ਕੇ.ਜੀ.ਬੀ. ਅਤੇ ਸ਼ਕੁੰਤਲਾ ਸਰੋਏ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਸਿਰਫ਼ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕੰਮ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਦੇ ਮਸਲੇ ਹੱਲ ਕਰਨ ਤੋਂ ਲਗਾਤਾਰ ਟਾਲਾ ਵੱਟਦੇ ਆ ਰਹੇ ਹਨ ਜਿਸਦੀ ਸਿਆਸੀ ਕੀਮਤ ਕਾਂਗਰਸ ਪਾਰਟੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੁਕਾਉਣੀ ਪਵੇਗੀ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਕਿ ਜਿੰਨਾਂ ਸਮਾਂ ਪੰਜਾਬ ਸਰਕਾਰ ਦੁਆਰਾ ਸਮੂਹ ਵਿਭਾਗਾਂ, ਸੁਸਾਇਟੀਆਂ, ਪ੍ਰੋਜੈਕਟਾਂ ਤੇ ਸਕੀਮਾਂ ਵਿੱਚ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਅਤੇ ਮਾਣ-ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਨਹੀਂ ਦਿੱਤੀਆਂ ਜਾਂਦੀਆਂ ਉਨ੍ਹਾਂ ਸਮਾਂ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ, ਹਰਿੰਦਰ ਦੁਸਾਂਝ, ਪਵਨ ਮੁਕਤਸਰ, ਗੁਰਿੰਦਰਜੀਤ ਕਪੂਰਥਲਾ, ਗੁਰਜੀਤ ਸਿੰਘ ਘੱਗਾ ਅਤੇ ਕੁਲਵਿੰਦਰ ਸਿੰਘ ਜੋਸਨ ਤੋਂ ਇਲਾਵਾ ਮਾਣ ਭੱਤਾ ਮੋਰਚੇ ਦੇ ਆਗੂਆਂ ਰਮਨਦੀਪ ਕੌਰ ਮੁਕਤਸਰ, ਹਰਿੰਦਰ ਕੁਮਾਰ ਐਮਾਂ, ਦਲਬੀਰ ਸਿੰਘ ਕਜੌਲੀ ਅਤੇ ਹੰਸਾ ਸਿੰਘ ਜਲ ਸਪਲਾਈ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here