ਖਡੂਰ ਸਾਹਿਬ ਅਤੇ ਅੰਮ੍ਰਿਤਸਰ ਤੋਂ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਬਿਹਤਰ ਉਮੀਦਵਾਰ ਦਿਤੇ – ਖਹਿਰਾ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,22 ਅਪ੍ਰੈਲ
ਪੰਜਾਬ ਵਿੱਚ ਭਾਵੇਂ ਰਾਜਨੀਤਿਕ ਕਾਰਨਾਂ ਕਰਕੇ ਜਿਆਦਾਤਰ ਪਾਰਟੀਆਂ ਭਾਜਪਾ ਦਾ ਵਿਰੋਧ ਕਰਦੀਆਂ ਰਹਿੰਦੀਆਂ ਹਨ ਪਰ ਖਡੂਰ ਸਾਹਿਬ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਿਆਂ ਤੋਂ ਭਾਜਪਾ ਨੇ ਦੂਜੀਆਂ ਪਾਰਟੀਆਂ ਤੋਂ ਬਿਹਤਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।ਖਡੂਰ ਸਾਹਿਬ ਤੋਂ ਭਾਜਪਾ ਨੇ ਸਿਆਸੀ ਇਤਿਹਾਸ ਰਚਦਿਆਂ ਜਨਰਲ ਸੀਟ ਤੋਂ ਐਸਸੀ ਭਾਈਚਾਰੇ ਨੂੰ ਮਾਣ ਦਿੰਦਿਆਂ ਤਿੰਨ ਵਾਰ ਲਗਾਤਾਰ ਵਿਧਾਇਕ ਵਜੋਂ ਜਿੱਤੇ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿਤੀ ਗਈ ਹੈ,ਇਸ ਨਾਲ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਰਹਿੰਦੇ ਐਸ.ਸੀ.ਭਾਈਚਾਰੇ ਵਿੱਚ ਵੱਡੀ ਖੁਸ਼ੀ ਤੇ ਉਤਸ਼ਾਹ ਦਾ ਮਹੌਲ ਬਣ ਗਿਆ ਹੈ।ਇਸ ਕਰਕੇ ਜਿਥੇ ਭਾਜਪਾ ਵਰਕਰ ਜੋਸ਼ ਵਿੱਚ ਆ ਗਏ ਹਨ,ਉਥੇ ਇਸ ਪੇਂਡੂ ਹਲਕੇ ਵਿੱਚ ਭਾਜਪਾ ਪੂਰੀ ਤਰ੍ਹਾਂ ਜਿੱਤ ਦੇ ਨੇੜੇ ਹੈ।ਇਹ ਸ਼ਬਦ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਸਾਂਝੇ ਕੀਤੇ।ਉਹਨਾਂ ਹੋਰ ਕਿਹਾ ਕਿ ਅੰਮ੍ਰਿਤਸਰ ਤੋਂ ਵੀ ਭਾਜਪਾ ਨੇ ਪੰਥਕ ਪਰਿਵਾਰ ਦੇ ਸਵ.ਤੇਜਾ ਸਿੰਘ ਸਮੁੰਦਰੀ ਦੇ ਪੋਤਰੇ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।ਇਸ ਨਾਲ ਭਾਜਪਾ ਨੂੰ ਸਿੱਖ ਵਿਰੋਧੀ ਆਖਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿਤਾ ਗਿਆ ਹੈ।ਇਸ ਮੌਕੇ ਸ.ਖਹਿਰਾ ਨੇ ਕਿਹਾ ਕਿ ਭਾਜਪਾ ਆਪਣੇ ਪ੍ਰਤੀ ਪੰਜਾਬੀਆਂ ਦੀ ਸੋਚ ਨੂੰ ਦਿਨੋਂ ਦਿਨ ਆਪਣੇ ਹੱਕ ਵਿੱਚ ਕਰਦੀ ਨਜ਼ਰ ਆ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਵੱਡੀ ਸਿਆਸੀ ਸ਼ਕਤੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਤੀਜੀ ਵਾਰ ਲਗਾਤਾਰ ਮੋਦੀ ਸਰਕਾਰ ਬਨਣੀ ਤੈਅ ਹੈ। ਇਸ ਮੌਕੇ ਅਮਰਪਾਲ ਸਿੰਘ ਖਹਿਰਾ ਨਾਲ ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ,ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ,ਜ਼ਿਲਾ ਸਕੱਤਰ ਹਰਮਨਜੀਤ ਸਿੰਘ, ਮੰਡਲ ਪ੍ਰਧਾਨ ਮੇਹਰ ਸਿੰਘ ਬਾਣੀਆਂ,ਮੰਡਲ ਪ੍ਰਧਾਨ ਨਰਿੰਦਰ ਸਿੰਘ ਕੱਲਾ,ਸਤਨਾਮ ਸਿੰਘ ਫਤਹਿਆਬਾਦ ਆਦਿ ਆਗੂ ਮੌਜੂਦ ਸਨ
ਫੋਟੋ ਕੈਪਸ਼ਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਰਪਾਲ ਸਿੰਘ ਖਹਿਰਾ ਤੇ ਸਾਥੀ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)